ਕੋਵਿਡ-19 ਦੇ ਨਾਲ ਨਾਲ ਮਲੇਰੀਆਂ ਤੋਂ ਬਚਾਅ ਲਈ ਜਾਗਰੂਕ ਕੀਤਾ

ਸ਼ਾਮ ਚੁਰਾਸੀ 24 ਅਪ੍ਰੈਲ ਇਨਕਲਾਬੀ ਬੁਲੇਟਿਨ–
ਵਿਸ਼ਵ ਮਲੇਰੀਆ ਦਿਵਸ ਮੌਕੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਰਣਜੀਤ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਡਾ. ਬਲਦੇਵ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਪੀ.ਐਚ.ਸੀ. ਚੱਕੋਵਾਲ ਦੀ ਪ੍ਰਧਾਨਗੀ ਹੇਠ ਪੀ.ਐਚ.ਸੀ. ਵਿਖੇ ਹਾਜ਼ਰ ਲੋਕਾਂ ਨੂੰ ਕੋਵਿਡ-19 ਦੇ ਨਾਲ ਨਾਲ ਮਲੇਰੀਆਂ ਤੋਂ ਬਚਾਅ ਲਈ ਜਾਗਰੂਕ ਕੀਤਾ ਗਿਆ।
ਡਾ. ਬਲਦੇਵ ਸਿੰਘ ਨੇ ਇਸ ਦੌਰਾਨ ਕਿਹਾ ਕਿ ਇਸ ਸਮੇਂ ਕੋਰੋਨਾ ਤੋਂ ਆਪਣਾ ਬਚਾਅ ਕਰਨਾ ਜਿਨ੍ਹਾਂ ਜਰੂਰੀ ਹੈ ਉਨਾਂ ਹੀ ਜਰੂਰੀ ਹੋਰ ਬੀਮਾਰੀਆਂ ਤੋਂ ਵੀ ਆਪਣੇ ਆਪ ਨੂੰ ਬਚਾਉਣਾ ਹੈ। ਬਰਸਾਤਾਂ ਦੇ ਮੌਸਮ ਵਿੱਚ ਦੋ ਤਰ੍ਹਾਂ ਨਾਲ ਬੀਮਾਰੀਆਂ ਹੁੰਦੀਆਂ ਹਨ। ਜਿਨ੍ਹਾਂ ਵਿੱਚ ਪਾਣੀ ਤੋਂ ਹੋਣ ਵਾਲੀਆਂ ਬੀਮਾਰੀਆਂ ਅਤੇ ਮੱਛਰਾਂ ਤੋਂ ਹੋਣ ਵਾਲੀਆਂ ਬੀਮਾਰੀਆਂ ਸ਼ਾਮਿਲ ਹਨ। ਪਾਣੀ ਤੋਂ ਹੋਣ ਵਾਲੀਆਂ ਬੀਮਾਰੀਆਂ ਜਿਵੇਂ ਹੈਜਾ,ਪੀਲੀਆ, ਟਾਈਫਾਈਡ, ਪੇਚਿਸ਼ ਆਦਿ ਤੋਂ ਬਚਾਅ ਲਈ ਜਰੂਰੀ ਹੈ ਕਿ ਆਪਣੇ ਆਲੇ ਦੁਆਲੇ ਨੂੰ ਸਾਫ਼ ਰੱਖਿਆ ਜਾਵੇ ਅਤੇ ਪਾਣੀ ਉਬਾਲ ਕੇ ਹੀ ਪੀਤਾ ਜਾਵੇ। ਮੱਛਰਾਂ ਤੋਂ ਹੋਣ ਵਾਲੀਆਂ ਬੀਮਾਰੀਆਂ ਜਿਵੇਂ ਮਲੇਰੀਆਂ, ਡੇਂਗੂ ਅਤੇ ਚਿਕਨਗੁਨੀਆ ਆਦਿ ਸ਼ਾਮਿਲ ਹਨ ਤੋਂ ਬਚਾਅ ਜਰੂਰੀ ਹੈ ਕਿ ਮੱਛਰਾਂ ਦੇ ਪੈਦਾ ਹੋਣ ਨੂੰ ਰੋਕਿਆ ਜਾਵੇ ਅਤੇ ਇਸਦੇ ਕੱਟਣ ਤੋਂ ਬਚਾਅ ਕੀਤਾ ਜਾਵੇ। ਇਸ ਲਈ ਜ਼ਰੂਰੀ ਹੈ ਕਿ ਮੱਛਰ ਪੈਦਾ ਕਰਨ ਵਾਲੇ ਹਾਲਾਤ ਖਤਮ ਕੀਤੇ ਜਾਣ। ਲੋਕ ਇਸਦੇ ਫੈਲਣ ਦੇ ਕਾਰਣਾਂ, ਇਸ ਤੋਂ ਬਚਾਅ ਸਬੰਧੀ ਸਾਵਧਾਨੀਆਂ ਅਤੇ ਇਸਦੇ ਲੱਛਣਾਂ ਬਾਰੇ ਪੂਰੀ ਤਰ੍ਹਾਂ ਜਾਗਰੂਕ ਹੋਣ।
ਡਾ. ਬਲਦੇਵ ਸਿੰਘ ਜੀ ਨੇ ਆਖਿਆ ਕਿ ਜੇਕਰ ਕਿਸੇ ਨੂੰ ਠੰਡ ਅਤੇ ਕਾਂਬੇ ਨਾਲ ਬੁੁਖਾਰ ਹੋਵੇ, ਤੇਜ਼ ਸਿਰਦਰਦ ਅਤੇ ਤੇਜ਼ ਬੁਖਾਰ ਹੋਵੇ, ਥਕਾਵਟ ਤੇ ਕਮਜ਼ੋਰੀ ਹੋਵੇ ਅਤੇ ਸਰੀਰ ਨੂੰ ਪਸੀਨਾ ਆਵੇ ਤਾਂ ਇਹ ਮਲੇਰੀਏ ਦਾ ਬੁਖਾਰ ਹੋ ਸਕਦਾ ਹੈ। ਇਹ ਲੱਛਣ ਦਿਖਣ ਤੇ ਤੁਰੰਤ ਨੇੜੇ ਦੇ ਸਰਕਾਰੀ ਹਸਪਤਾਲ ਜਾਂ ਸਿਹਤ ਕੇਂਦਰ ਜਾ ਕੇ ਆਪਣੇ ਖੂਨ ਦੀ ਜਾਂਚ ਕਰਵਾਓ ਅਤੇ ਡਾਕਟਰ ਦੀ ਸਲਾਹ ਲਵੋ, ਆਪਣੇ ਆਪ ਕੋਈ ਵੀ ਦਵਾ ਨਾ ਲਓ।
ਕੈਂਪ ਦੌਰਾਨ ਸ਼੍ਰੀਮਤੀ ਰਮਨਦੀਪ ਕੌਰ ਬੀ.ਈ.ਈ. ਅਤੇ ਸ਼੍ਰੀ ਗੁਰਦੇਵ ਸਿੰਘ ਹੈਲਥ ਇੰਸਪੈਕਟਰ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਮਲੇਰੀਆ ਇੱਕ ਕਿਸਮ ਦਾ ਗੰਭੀਰ ਬੁਖਾਰ ਹੈ ਜੋ ਕਿ ਐਨੋਫਲੀਜ਼ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਅਤੇ ਸ਼ਾਮ ਵੇਲੇ, ਤੜਕੇ ਵੇਲੇ ਅਤੇ ਰਾਤ ਨੂੰ ਕੱਟਦਾ ਹੈ। ਮੱਛਰ ਖੜੇ ਪਾਣੀ ਵਿੱਚ ਪੈਦਾ ਹੁੰਦਾ ਹੈ, ਜਿਵੇਂ ਕਿ ਨਾਲੀਆਂ, ਛੱਪੜਾਂ ਦੇ ਪਾਣੀ, ਟੋਇਆਂ ਆਦਿ ਵਿੱਚ ਪਾਣੀ ਖੜਾ ਰਹੇ। ਇਸ ਲਈ ਜਰੂਰੀ ਹੈ ਕਿ ਆਪਣੇ ਆਪ ਦਾ ਮੱਛਰਾਂ ਤੋਂ ਬਚਾਅ ਕੀਤਾ ਜਾਵੇ। ਆਪਣੇ ਆਲੇ ਦੁਆਲੇ ਦੀ ਸਾਫ਼ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇੇ। ਮੱਛਰਾਂ ਤੋਂ ਬਚਣ ਲਈ ਕੱਪੜੇ ਅਜਿਹੇ ਪਹਿਨੋ ਕਿ ਸਰੀਰ ਪੂਰੀ ਤਰ੍ਹਾਂ ਢੱਕਿਆ ਰਹੇ। ਰਾਤ ਨੂੰ ਸੌਣ ਸਮੇਂ ਮੱਛਰਦਾਨੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਤੇਲ ਆਦਿ ਦੀ ਵਰਤੋ ਕੀਤੀ ਜਾਵੇ। ਆਪਣੇ ਘਰਾਂ ਦੇ ਆਲੇ ਦੁਆਲੇ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ। ਛੱਪੜਾਂ ਦੇ ਖੜ੍ਹੇ ਪਾਣੀ ਵਿੱਚ ਗੰਬੂਜ਼ੀਆ ਮੱਛੀ ਪਾਈ ਜਾਵੇ ਜੋ ਕਿ ਪਾਣੀ ਵਿੱਚ ਪੈਦਾ ਹੋਣ ਵਾਲੇ ਮੱਛਰ ਦੇ ਲਾਰਵਾ ਨੂੰ ਖਾ ਜਾਂਦੀ ਹੈ ਜਿਸ ਨਾਲ ਮੱਛਰ ਪੈਦਾ ਨਹੀਂ ਹੁੰਦਾ। ਗੰਬੂਜ਼ੀਆ ਮੱਛੀ ਦਾ ਪੂੰਗ ਸਿਹਤ ਵਿਭਾਗ ਤੋਂ ਮੁਫ਼ਤ ਪ੍ਰਾਪਤ ਕੀਤਾ ਜਾ ਸਕਦਾ ਹੈ।
ਇਸ ਦੌਰਾਨ ਡਾ. ਜਸਵੀਰ ਕਲਸੀ ਮੈਡੀਕਲ ਅਫ਼ਸਰ, ਡਾ. ਕਪਿਲ ਸ਼ਰਮਾ, ਸ਼੍ਰੀਮਤੀ ਊਸ਼ਾ ਦੇਵੀ ਐਲ.ਐਚ.ਵੀ., ਸ਼੍ਰੀ ਸਤਵੀਰ ਸਿੰਘ ਮੇਲ ਵਰਕਰ, ਗਗਨਦੀਪ ਕੌਰ ਸਟਾਫ ਨਰਸ ਅਤੇ ਸੀ.ਐਚ.ਓ. ਬਬਲੀ ਵੀ ਹਾਜ਼ਰ ਸਨ।

Loading

Leave a Reply