ਅੱਜ ਦਾ ਵਿਚਾਰ (31ਦਸੰਬਰ)ਲੰਘਿਆ ਸਮਾਂ ਕਦੇ ਪਿਛੇ ਨਹੀ ਪਰਤਦਾ ਤੇ ਨਾ ਹੀ ਸਮਾਂ ਉਨਾਂ ਦੀ ਪਰਵਾਹ ਕਰਦਾ ਹੈ,ਜੋ ਉਸਦੇ ਨਾਲ ਨਹੀ ਚੱਲ ਸਕਦੇ।

ਅੱਜ ਦਾ ਵਿਚਾਰ (31ਦਸੰਬਰ)ਲੰਘਿਆ ਸਮਾਂ ਕਦੇ ਪਿਛੇ ਨਹੀ ਪਰਤਦਾ ਤੇ ਨਾ ਹੀ ਸਮਾਂ ਉਨਾਂ ਦੀ ਪਰਵਾਹ ਕਰਦਾ ਹੈ,ਜੋ ਉਸਦੇ ਨਾਲ ਨਹੀ ਚੱਲ ਸਕਦੇ।ਅੱਜ ਦੇ ਦਿਨ : 31-12-1514 ਮਨੁੱਖੀ ਸਰੀਰ ਦੀ ਰਚਨਾ ਦੇ ਖੋਜ ਕਰਨ ਵਾਲੇ ਐਂਡਰੀਜ ਵੈਸਲੀਅਸ ਦਾ ਜਨਮ।1600 ਬਿਰਟਿਸ਼ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਹੋਈ।1879 ਥਾਮਸ ਅਲਵਾ ਐਡੀਸਨ ਵੱਲੋਂ ਬਿਜਲੀ ਦੇ ਬਲਬ ਨਾਲ ਰੋਸ਼ਨੀ ਕਰਨ ਦਾ ਪ੍ਰਦਰਸ਼ਨ ਜਨਤਾ ਸਾਹਮਣੇ ਕੀਤਾ ਗਿਆ।1963 ਦੇਸ਼ ਭਗਤ ਮਾਸਟਰ ਚਤਰ ਸਿੰਘ ਮਨੌਲੀ ਦਾ ਦਿਹਾਂਤ।1984 ਰਾਜੀਵ ਗਾਂਧੀ ਦੇਸ਼ ਦੇ ਪ੍ਰਧਾਨ ਮੰਤਰੀ ਤੇ ਕਾਂਗਰਸ ਦੇ ਪ੍ਰਧਾਨ ਬਣੇ।1999 ਰੂਸੀ ਰਾਸ਼ਟਰਪਤੀ ਯੈਲਤਸਿਨ ਦੇ ਅਸਤੀਫੇ ਤੋਂ ਬਾਅਦ ਪ੍ਰਧਾਨ ਮੰਤਰੀ ਵਲਾਦੀਮੀਰ ਪੂਤਿਨ ਆਰਜੀ ਰਾਸ਼ਟਰਪਤੀ ਬਣੇ।*ਲੋਹੇ ਦੇ ਪਿੰਜਰੇ ਵਿੱਚ ਕੈਦ ਰਹਿਣ ਵਾਲੇ ਮਹਾਨ ਦੇਸ ਭਗਤ ਮਾਸਟਰ ਚਤਰ ਸਿੰਘ ਮਨੌਲੀ* ਜੀ ਦਾ ਜਨਮ ਜੂਨ 1889 ਨੂੰ ਪਿੰਡ ਮਨੌਲੀ ਜਿਲਾ ਫਤਿਹਗੜ ਵਿੱਚ ਮਾਤਾ ਪੰਜਾਬ ਕੌਰ ਦੀ ਕੁੱਖੋਂ ਪਿਤਾ ਸਾਵਨ ਸਿੰਘ ਦੇ ਘਰ ਹੋਇਆ।ਉਨਾਂ ਦਸਵੀਂ ਗੌਰਮਿੰਟ ਹਾਈ ਸਕੂਲ ਲਾਇਲਪੁਰ ਤੋਂ ਕੀਤੀ।ਫਿਰ ਉਹ ਲਾਇਲਪੁਰ ਖਾਲਸਾ ਸਕੂਲ ਵਿੱਚ ਅਧਿਆਪਕ ਲੱਗ ਗਏ।ਪਹਿਲੀ ਵਿਸ਼ਵ ਜੰਗ ਲੱਗਣ ਤੇ ਬਾਹਰਲੇ ਦੇਸ਼ਾਂ ਤੋਂ ਗਦਰੀ ਹਿੰਦੋਸਤਾਨ ਪਹੁੰਚਣੇ ਸ਼ੁਰੂ ਹੋ ਗਏ।ਇਨਾਂ ਦਾ ਉਨਾਂ ਨਾਲ ਸੰਪਰਕ ਹੋ ਗਿਆ।ਉਹ ਅੰਗਰੇਜ਼ਾਂ ਨੂੰ ਉਨਾਂ ਦੀਆਂ ਨੀਤੀਆਂ ਖਿਲਾਫ ਪਹਿਲਾਂ ਹੀ ਨਫਰਤ ਕਰਦੇ ਸਨ ਤੇ ਕਾਮਾਗਾਟਾ ਮਾਰੂ ਜਹਾਜ਼ ਦੀ ਘਟਨਾ ਨੇ ਇਨਾਂ ਦੀ ਨਫ਼ਰਤ ਹੋਰ ਵਧਾ ਦਿਤੀ।ਜਦ ਉਨਾਂ ਨੂੰ ਪਤਾ ਲਗਾ ਕਿ ਅੰਗਰੇਜ਼ ਸਰਕਾਰ ਖਾਲਸਾ ਕਾਲਜ ਅੰਮਿ੍ਤਸਰ ਦਾ ਪ੍ਰਬੰਧ ਆਪਣੇ ਹੱਥ ਲੈਣ ਤੋਂ ਬਾਅਦ ਸਿਰਫ ਅੰਗਰੇਜ਼ ਪ੍ਰੋਫੈਸਰ ਰੱਖ ਰਹੀ ਹੈ ਤਾਂ ਉਨਾਂ ਗੁੱਸੇ ਵਿੱਚ ਆ ਕੇ 16/12/1914 ਨੂੰ ਖਾਲਸਾ ਕਾਲਜ ਦੇ ਪ੍ਰਿੰਸੀਪਲ ਨੂੰ ਮਾਰਨ ਲਈ ਬਰਛੇ ਨਾਲ ਹਮਲਾ ਕੀਤਾ ਪਰ ਹਨੇਰੇ ਕਰਕੇ ਉਹ ਜਖ਼ਮੀ ਹੋ ਗਿਆ।ਗਿਰਫਤਾਰੀ ਉਪਰੰਤ ਜੱਜ ਸਾਹਮਣੇ ਉਨਾਂ ਆਪਣਾ ਦੋਸ਼ ਕਬੂਲਦਿਆਂ ਕਿਹਾ, “ਅੰਗਰੇਜ਼ ਸਿਪਾਹੀਆਂ ਨੂੰ 100 ਰੁਪਏ ਤੇ ਸਾਡਿਆਂ ਨੂੰ ਸਿਰਫ 18 ਰੁਪਏ ਦਿਤੇ ਜਾਂਦੇ ਹਨ।ਮੈਂ ਤੇ ਸਾਥੀਆਂ ਨੇ ਪ੍ਰਣ ਕੀਤਾ ਹੈ ਕਿ ਭਾਰਤ ਵਿੱਚੋਂ ਅੰਗਰੇਜ਼ ਕੱਢ ਕੇ ਦੇਸ਼ ਵਿੱਚ ਲੋਕ ਰਾਜ ਕਾਇਮ ਕਰਾਂਗੇ।” ਇਨਾਂ ਦੇ ਪਿਤਾ ਨੇ ਪੁੱਤਰ ਮੋਹ ਵਿੱਚ ਬਿਆਨ ਦਿਤਾ ਕਿ ਇਸ ਦਾ ਦਿਮਾਗ ਠੀਕ ਨਹੀਂ ਪਰ ਮਾਸਟਰ ਨੇ ਉੱਚੀ ਉੱਚੀ ਕਿਹਾ ਕਿ ਉਹ ਦਿਮਾਗੀ ਤੌਰ ਤੇ ਬਿਲਕੁਲ ਠੀਕ ਹੈ।ਇਸੇ ਦੋਸ਼ ਅਧੀਨ ਉਨਾਂ ਨੂੰ ਉਮਰ ਕੈਦ ਕਾਲੇ ਪਾਣੀ ਦੀ ਸਜ਼ਾ ਸੁਣਾਈ ਗਈ।ਪਹਿਲਾਂ ਲਾਹੌਰ ਜੇਲ, ਫਿਰ ਅੰਬਾਲੇ ਤੋਂ ਬਾਅਦ ਅੰਡੇਮਾਨ ਟਾਪੂ ਦੀ ਸੈਲੂਲਰ ਜੇਲ ਵਿੱਚ ਭੇਜ ਦਿਤਾ।ਜੁਲਾਈ 1918 ਨੂੰ ਬਦਨਾਮ ਜੇਲਰ ਬੇਰੀ ਵੱਲੋਂ ਕੈਦੀਆਂ ਨੂੰ ਗੈਰ ਕਾਨੂੰਨੀ ਤੌਰ ਤੇ ਐਤਵਾਰ ਨੂੰ ਛੁੱਟੀ ਵਾਲੇ ਦਿਨ ਘਾਹ ਕਟਣ ਲਈ ਦਿਤੇ ਹੁਕਮ ਨੂੰ ਮਾਸਟਰ ਸਮੇਤ ਸੱਤ ਹੋਰ ਗਦਰੀਆਂ ਭਾਈ ਜਵਾਲਾ ਸਿੰਘ,ਮਾਸਟਰ ਊਧਮ ਸਿੰਘ,ਭਾਈ ਹਜ਼ਾਰਾ ਸਿੰਘ,ਭਾਈ ਸਾਉਣ ਸਿੰਘ,ਭਾਈ ਖੁਸ਼ਹਾਲ ਸਿੰਘ,ਭਾਈ ਕੇਹਰ ਸਿੰਘ ਤੇ ਭਾਈ ਭਗਤ ਸਿੰਘ ਨੇ ਮੰਨਣੋਂ ਨਾਂਹ ਕਰ ਦਿੱਤੀ।ਇਨਾਂ ਨੂੰ ਛੇ ਛੇ ਮਹੀਨੇ ਚੱਕੀ ਬੰਦ,ਖੁਰਾਕ ਘੱਟ ਤੇ ਬੇੜੀ ਦੀਆਂ ਸ਼ਜਾਵਾਂ ਦਿੱਤੀਆਂ ਗਈਆਂ।ਸੁਪਰਡੈਂਟ ਮਰੇ ਦੇ ਜੁਲਮਾਂ ਤੋਂ ਅੱਕੇ ਮਾਸਟਰ ਜੀ ਨੇ ਮਹੀਨੇ ਬਾਅਦ ਕੀਤੇ ਜਾਂਦੇ ਵਜ਼ਨ ਕਰਾਉਣ ਤੋਂ ਬਾਅਦ ਉਸਦੇ ਮੂੰਹ ਚਪੇੜ ਮਾਰ ਕੇ ਕੁਰਸੀ ਤੋਂ ਹੇਠਾਂ ਸੁੱਟ ਦਿੱਤਾ ਤੇ ਉਸਦੇ ਆਦਮੀ ਮਾਸਟਰ ਨੂੰ ਫੜਨ ਲਈ ਟੁੱਟ ਪਏ।ਉਥੇ ਖੜੇ ਦੂਜੇ ਰਾਜਸੀ ਕੈਦੀਆਂ ਨੇ ਲਲਕਾਰਿਆ ਕਿ ਖਬਰਦਾਰ ਜੇ ਕਿਸੇ ਨੇ ਮਾਸਟਰ ਨੂੰ ਕੁਝ ਕਿਹਾ ਤਾਂ ਉਨਾਂ ਨੂੰ ਮਰੇ ਨੇ ਪਰਾਂ ਹਟਾ ਦਿਤਾ।ਅਗਲੇ ਦਿਨ ਮਾਸਟਰ ਨੂੰ ਲੋਹੇ ਦੇ ਪਿੰਜਰੇ ਵਿੱਚ ਬੇੜੀਆਂ ਸਮੇਤ ਬੰਦ ਕਰ ਦਿੱਤਾ।ਪਿੰਜਰਾ ਐਨਾ ਛੋਟਾ ਸੀ ਕਿ ਨਾ ਸਿੱਧਾ ਲੇਟਿਆ ਜਾ ਸਕਦਾ ਸੀ ਤੇ ਨਾ ਹੀ ਸਿੱਧੇ ਖੜਾ ਹੋਇਆ ਜਾ ਸਕਦਾ ਸੀ।ਦੋ-ਢਾਈ ਸਾਲ ਲਗਾਤਾਰ ਪਿੰਜਰੇ ਵਿੱਚ ਰਹਿਣ ਕਾਰਣ ਉਨਾਂ ਦੀ ਸਿਹਤ ਵਿਗੜ ਗਈ ਤੇ ਹੱਡੀਆਂ ਦਾ ਮੁੱਠਾ ਬਣ ਕੇ ਰਹਿ ਗਈ।ਇਥੋਂ ਤਕ ਚੌਲਾਂ ਦੀ ਪਿਛ ਤੋਂ ਸਿਵਾ ਹੋਰ ਕੋਈ ਚੀਜ਼ ਹਜ਼ਮ ਨਹੀਂ ਹੁੰਦੀ ਸੀ।ਬਾਬਾ ਸੋਹਨ ਸਿੰਘ ਭਕਨਾ ਦੇ ਕਹਿਣ ਤੇ ਵੀ ਜਦੋਂ ਮਾਸਟਰ ਜੀ ਨੂੰ ਨਵੇਂ ਆਏ ਸੁਪਰਡੈਂਟ ਮੇਜਰ ਬਾਰਕਰ ਨੇ ਪਿੰਜਰੇ ਵਿੱਚੋਂ ਬਾਹਰ ਕੱਢਣ ਤੋਂ ਨਾਂਹ ਕਰ ਦਿਤੀ ਤੇ ਉਨਾਂ ਕਿਹਾ ਜੇ ਮਾਸਟਰ ਜੀ ਦੀ ਲਾਸ਼ ਪਿੰਜਰੇ ਵਿੱਚੋਂ ਨਿਕਲੇਗੀ ਤੇ ਮੇਰੀ ਲਾਸ਼ ਵੀ ਉਸਦੇ ਪਿਛੇ ਹੋਵੇਗੀ।ਉਨਾਂ 21/7/1920 ਤੋਂ ਖਾਣਾ ਪੀਣਾ ਛੱਡ ਦਿੱਤਾ,ਦੋ ਮਹੀਨੇ ਬਾਅਦ ਭਾਈ ਕੇਸਰ ਸਿੰਘ ਸਮੇਤ ਦੂਜੇ ਦੇਸ ਭਗਤਾਂ ਨੇ ਵੀ ਭੁੱਖ ਹੜਤਾਲ ਸ਼ੁਰੂ ਕਰ ਦਿਤੀ।ਹਾਲਾਤ ਵਿਗੜਦੇ ਵੇਖ ਕੇ ਸੁਪਰਡੈਂਟ ਬਾਰਕਰ ਨੇ ਮਾਸਟਰ ਜੀ ਨੂੰ ਪਿੰਜਰੇ ਵਿੱਚੋਂ ਬਾਹਰ ਕੱਢ ਦਿੱਤਾ,ਦੇਸ਼ ਭਗਤਾਂ ਵਲੋਂ ਭੁੱਖ ਹੜਤਾਲ ਖਤਮ ਕਰ ਦਿਤੀ ਗਈ।ਮਾਸਟਰ ਜੀ ਦੀ ਵਿਗੜਦੀ ਸਿਹਤ ਨੂੰ ਵੇਖ ਕੇ 1926 ਵਿੱਚ ਜੇਲ ਤੋਂ ਰਿਹਾ ਕਰ ਦਿੱਤਾ ਤੇ 1930 ਤੱਕ ਪਿੰਡ ਵਿੱਚ ਨਜਰ ਬੰਦ ਰਹੇ।ਦੇਸ਼ ਦਾ ਇਹ ਮਹਾਨ ਯੋਧਾ ਸਾਲ ਦੇ ਨਾਲ ਹੀ 31 ਦਸੰਬਰ 1963 ਨੂੰ ਸਦਾ ਲਈ ਅਲਵਿਦਾ ਕਹਿ ਗਿਆ।*ਨੋਟ* ਦੋਸਤੋ ਅੱਜ ਦਾ ਵਿਚਾਰ ਦਾ ਕਾਲਮ ਜੋ 2014 ਦੇ ਕਰੀਬ ਸਾਥੀ ਮੁਖਵਿੰਦਰ ਚੋਹਲਾ ਜੀ ਨੇ ਸ਼ੁਰੂ ਕੀਤਾ ਸੀ,ਫਿਰ 15/6/2019 ਨੂੰ ਸਾਥੀ ਮੁਖਵਿੰਦਰ ਚੋਹਲਾ ਜੀ ਦੀ ਮੌਤ ਉਪਰੰਤ ਮਾਝਾ ਜੋਨ ਨੇ ਅੱਜ ਦਾ ਵਿਚਾਰ ਚਾਲੂ ਰੱਖਣ ਦੀ ਡਿਊਟੀ ਮੇਰੀ ( ਜਸਪਾਲ ਬਾਸਰਕੇ) ਦੀ ਲਗਾਈ ਸੀ, ਜਿਸ ਨੂੰ ਮੈ 2019 ਤੋਂ ਲਗਾਤਾਰ ਚਲਾ ਰਿਹਾ ਸੀ,ਪਰ ਕੁਝ ਕਾਰਨਾਂ ਕਰਕੇ ਮੈ ਅੱਜ ਦਾ ਵਿਚਾਰ ਕਾਲਮ ਕੁਝ ਸਮੇਂ ਲਈ ਬੰਦ ਕਰ ਰਿਹਾ ਆ। ਜਲਦ ਮਿਲਾਂਗੇ ਨਵੀਂ ਜਾਣਕਾਰੀ ਅਤੇ ਨਵੇਂ ਵਿਚਾਰਾਂ ਨਾਲ । *ਮੁਖਵਿੰਦਰ ਚੋਹਲਾ ਮਰਹੂਮ**ਚਲੰਤ ਜਸਪਾਲ ਬਾਸਰਕੇ*

Loading

Leave a Reply