ਅੱਜ ਦਾ ਵਿਚਾਰ (18 ਮਈ) ਸਾਰੇ ਕੰਮਾਂ ਨਾਲੋਂ ਔਖਾ ਕੰਮ ਹੈ ਫੈਸਲਾ ਕਰਨਾ,ਜੇ ਤੁਸੀਂ ਫੈਸਲੇ ਕਰਨ ਵਿੱਚ ਮਾਹਰ ਹੋ ਗਏ ਤਾਂ ਇਸ ਤੋਂ ਵੱਡਾ ਕੋਈ ਹੁਨਰ ਨਹੀਂ।(ਨੈਪੋਲੀਅਨ ਬੋਨਾਪਾਰਟ)।


ਅੱਜ ਦੇ ਦਿਨ :18-5-1804 ਨੈਪੋਲੀਅਨ ਬੋਨਾਪਾਰਟ ਨੂੰ ਫਰਾਂਸ ਦਾ ਬਾਦਸ਼ਾਹ ਬਣਾਇਆ ਗਿਆ।1910 ਧਰਤੀ ਕੋਲੋਂ ਪੂਛਲ ਵਾਲਾ ਤਾਰਾ ਹੈਲੀ ਲੰਘਿਆ ਪਰ ਕੋਈ ਨੁਕਸਾਨ ਨਹੀ ਹੋਇਆ ।1922 ਨਨਕਾਣਾ ਸਾਹਿਬ ਸਾਕੇ ਵਿੱਚ ਸ਼ਾਮਿਲ ਜਿੰਮੇਵਾਰ ਮਿਸਟਰ ਬੇਰਿੰਗ ਤੇ ਕਿੰਗ ਨੂੰ ਕਤਲ ਕਰਨ ਦੀ ਸਾਜ਼ਿਸ ਕੇਸ ਵਿੱਚ ਅੱਜ ਦੇ ਦਿਨ ਅਦਾਲਤ ਵੱਲੋਂ ਦਿੱਤੇ ਫੈਸਲੇ ਅਨੁਸਾਰ ਤੋਤਾ ਸਿੰਘ ਪਿਸ਼ਾਵਰ ਤੇ ਤਾਰਾ ਸਿੰਘ ਠੇਠਰ ਨੂੰ ਪੰਜ ਸਾਲ, ਬੇਲਾ ਸਿੰਘ ਘੋਲੀਆ ਨੂੰ ਚਾਰ ਸਾਲ ਤੇ ਚੈਚਲ ਸਿੰਘ ਜੰਡਿਆਲਾ ਨੂੰ ਇਕ ਸਾਲ ਦੀ ਕੈਦ ਹੋਈ।ਮਾਸਟਰ ਮੋਤਾ ਸਿੰਘ,ਕਿਸ਼ਨ ਸਿੰਘ ਗੜਗਜ, ਵਤਨ ਸਿੰਘ ਸਹਾਰੀ, ਗੁਰਬਚਨ ਸਿੰਘ,ਅੰਬਾਲਾ ਅਮਰ ਸਿੰਘ ਦਿੱਲੀ ਤੇ ਬਿਜਲਾ ਸਿੰਘ ਨੂੰ ਭਗੌੜੇ ਕਰਾਰ ਦਿੱਤਾ ਗਿਆ।1974 ਭਾਰਤ ਨੇ ਪੋਖਰਨ (ਰਾਜਸਥਾਨ) ਵਿੱਚ ਐਟਮੀ ਬੰਬ ਦਾ ਪਹਿਲੀ ਵਾਰ ਸਫਲ ਤਜਰਬਾ ਕਰਕੇ ਛੇਵੀਂ ਪ੍ਰਮਾਣੂ ਤਾਕਤ ਵਾਲਾ ਦੇਸ਼ ਬਣਿਆ।1950 ਨਾਟੋ (NATO) ਸੰਧੀ ਤੇ 12 ਦੇਸ਼ਾਂ ਵੱਲੋਂ ਦਸਤਖਤ।1978 ਗਦਰੀ ਬਾਬਾ ਹਰਨਾਮ ਸਿੰਘ ਕਾਲਾ ਸੰਘਿਆ ਦਾ ਦਿਹਾਂਤ ।2009 ਸ਼੍ਰੀ ਲੰਕਾ ਸਰਕਾਰ ਨੇ ਲਿਟੇ ਸੰਗਠਨ ਦੇ ਮੁੱਖ ਆਗੂ ਵੈਲ ਪਿਲਾਈ ਪਰਭਾਕਨ ਨੂੰ ਮਾਰ ਕੇ ਉਸਦੇ ਗਰੁੱਪ ਨੂੰ ਖਤਮ ਕਰਨ ਦੇ ਨਾਲ ਉਤਰੀ ਲੰਕਾ ਤੇ ਮੁਕੰਮਲ ਕਬਜਾ ਕੀਤਾ।
ਨੈਪੋਲੀਅਨ ਬੋਨਾਪਾਰਟ : ਸੰਸਾਰ ਦੇ ਮਹਾਨ ਦਸ ਜਰਨੈਲਾਂ ਵਿੱਚੋਂ ਨੈਪੋਲੀਅਨ ਬੋਨਾਪਾਰਟ ਸਾਢੇ ਸੱਤ ਕਰੋੜ ਲੋਕਾਂ ਤੇ ਰਾਜ ਕਰਨ ਵਾਲਾ ਅੱਠਵਾਂ ਜਰਨੈਲ ਸੀ।ਉਸ ਦਾ ਜਨਮ 15 ਅਗਸਤ 1769 ਨੂੰ ਫਰਾਂਸ ਦੇ ਕੋਰਸੀਕਾ ਟਾਪੂ ਵਿੱਚ ਹੋਇਆ।ਉਸਦਾ ਬਾਪ ਕਾਰਲੋ ਬੋਨਾਪਾਰਟ ਤੇ ਮਾਂ ਲੇਜੀਆ ਰਾਮੋਲੀਨਾ ਸੀ।ਉਹ ਮਹਾਨ ਸਿਆਸਤਦਾਨ ਤੇ ਸੈਨਿਕ ਨੇਤਾ ਸੀ ਜਿਸਨੇ ਫਰਾਂਸ ਨੂੰ ਯੂਰਪ ਵਿੱਚ ਰਾਜਨੀਤਿਕ ਸ਼ਕਤੀ ਦੀ ਟੀਸੀ ਤੇ ਪਹੁੰਚਾਇਆ।ਫਰਾਂਸ ਦੀ ਫੌਜ ਵਿੱਚ ਲੈਫਟੀਨੈਂਟ ਭਰਤੀ ਹਥਿਆਰ ਤੇ ਤਰੱਕੀ ਕਰਦਾ ਹੋਇਆ 1799 ਵਿੱਚ ਦੇਸ਼ ਦੀ ਕੌਂਸਲ ਤੇ ਅੱਜ ਦੇ ਦਿਨ 18 ਮਈ 1804 ਨੂੰ ਫਰਾਂਸ ਦਾ ਬਾਦਸ਼ਾਹ ਬਣਿਆ।ਇੰਗਲੈਂਡ,ਫਰਾਂਸ,ਆਸਟਰੀਆ ਤੇ ਰੂਸ ਦੀਆਂ ਸਾਂਝੀਆਂ ਫੌਜਾਂ ਨੂੰ ਉਸਨੇ ਵਾਰ ਵਾਰ ਹਰਾਇਆ।ਯੂਰਪ ਦੇਸ਼ਾਂ ਤੇ ਮਨਮਰਜ਼ੀ ਦੀਆਂ ਸੰਧੀਆਂ ਥੋਪੀਆਂ ਤੇ ਲਾਗੂ ਕਰਵਾਈਆਂ।ਮਹਾਰਾਜਾ ਰਣਜੀਤ ਸਿੰਘ ਅਤੇ ਨੈਪੋਲੀਅਨ ਬੋਨਾਪਾਰਟ ਬਿ੍ਟਿਸ਼ ਸਾਮਰਾਜ ਲਈ ਦੋ ਬਹੁਤ ਵੱਡੀਆਂ ਸਮਕਾਲੀ ਚੁਣੌਤੀਆਂ ਸਨ,ਜਦ ਮਹਾਰਾਜਾ ਰਣਜੀਤ ਸਿੰਘ 19ਵੀਂ ਸਦੀ ਦੇ ਅਰੰਭਿਕ ਦਹਾਕਿਆਂ ਵਿੱਚ ਆਪਣੀ ਤਾਕਤ ਅਤੇ ਸਿੱਖ ਰਾਜ ਦੀਆਂ ਸਰਹੱਦਾਂ ਨੂੰ ਫੈਲਾਉਣ ਵਿੱਚ ਰੁੱਝਾ ਹੋਇਆ ਸੀ, ਉਸ ਸਮੇਂ ਬਿ੍ਟਿਸ਼ ਹਕੂਮਤ ਭਾਰਤ ਵਿੱਚ ਪੈਰ ਪਸਾਰਨ ਦੇ ਨਾਲ-ਨਾਲ ਪੂਰੀ ਤਰਾਂ ਤਾਕਤ ਵਿੱਚ ਆ ਚੁੱਕੇ ਨੈਪੋਲੀਅਨ ਨੂੰ ਵੀ ਕਾਬੂ ਕਰਨ ਵਿੱਚ ਲੱਗੀ ਹੋਈ ਸੀ।ਇਤਿਹਾਸ ਗਵਾਹ ਹੈ ਇਸ ਸਮੇਂ ਤੱਕ ਅੰਗਰੇਜ਼ਾਂ ਨੇ ਭਾਰਤ ਦੇ ਵੱਡੇ ਹਿੱਸੇ ਉੱਪਰ ਕਬਜਾ ਕਰ ਲਿਆ ਸੀ ਪਰ ਪੰਜਾਬ ਉੱਪਰ ਕੋਈ ਸਿੱਧਾ ਹਮਲਾ ਕਰਨ ਦੀ ਹਿੰਮਤ ਉਨ੍ਹਾਂ ਨੇ ਮਹਾਰਾਜੇ ਦੇ ਜਿਉਦਿਆਂ ਨਹੀਂ ਕੀਤੀ।ਬਹੁਤ ਡੂੰਘੀਆਂ ਕੂਟਨੀਤਕ ਚਾਲਾਂ ਚੱਲਣ ਵਾਲੀ ਅੰਗਰੇਜ਼ ਕੌਮ ਆਪਣੀ ਵੰਡੀ ਹੋਈ ਤਾਕਤ ਨਾਲ ਸਾਰੇ ਵਿਰੋਧੀਆਂ ਦੇ ਖਿਲਾਫ਼ ਇਕੱਠੀ ਲੜਾਈ ਸ਼ੁਰੂ ਨਹੀਂ ਸੀ ਕਰਨਾ ਚਾਹੁੰਦੀ।ਨੈਪੋਲੀਅਨ ਖਿਲਾਫ ਸਾਰੀ ਤਾਕਤ ਲਾਉਣ ਲਈ ਅੰਗਰੇਜ਼ਾਂ ਨੇ 1809 ਵਿੱਚ ਮਹਾਰਾਜੇ ਨਾਲ ਅੰਮਿ੍ਤਸਰ ਵਿੱਚ ਸਤਲੁਜ ਦਰਿਆ ਤੱਕ ਦੇ ਦੁਵੱਲੇ ਇਲਾਕਿਆਂ ਨਾਲ ਸਬੰਧਤ ਸੰਧੀ ਕਰ ਲਈ ਅਤੇ ਇਸ ਪਾਸੇ ਤੋਂ ਨਿਸਚਿਤ ਹੋ ਗਏ।ਇਹ ਇਤਿਹਾਸ ਦਾ ਇਕ ਗੁੱਝਾ ਭੇਦ ਹੈ ਕਿ ਉਸ ਸਮੇਂ ਜੇਕਰ ਨੈਪੋਲੀਅਨ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਹੱਥ ਕਿਸੇ ਨੀਤੀਬੱਧ ਢੰਗ ਨਾਲ ਆਪਸ ਵਿੱਚ ਮਿਲ ਜਾਂਦੇ ਤਾਂ ਅੱਜ ਯੂਰਪ ਅਤੇ ਏਸ਼ੀਆ ਦਾ ਇਤਿਹਾਸ ਕੁਝ ਹੋਰ ਹੋਣਾ ਸੀ।ਸਪੇਨ ਤੇ ਰੂਸ ਦੇ ਯੁੱਧਾਂ ਨੇ ਨੈਪੋਲੀਅਨ ਬੋਨਾਪਾਰਟ ਦੀ ਹਾਰ ਦੀ ਸ਼ੁਰਆਤ ਕਰ ਦਿਤੀ।ਰੂਸ ਵਿੱਚ ਉਸ ਦੀ ਫੌਜ ਠੰਡ ਕਾਰਨ ਲੱਖਾਂ ਦੀ ਗਿਣਤੀ ਵਿੱਚ ਮਾਰੀ ਗਈ।ਇਸ ਨੁਕਸਾਨ ਤੋਂ ਉਹ ਕਦੇ ਨਾ ਉਭਰ ਸਕਿਆ।ਇੰਗਲੈਂਡ,ਜਰਮਨੀ,ਆਸਟਰੀਆ ਤੇ ਰੂਸ ਦੀਆਂ ਫੌਜਾਂ ਨੇ 1813 ਵਿੱਚ ਲਿਪਿਜਿੰਗ ਦੀ ਜੰਗ ਵਿੱਚ ਉਸਨੂੰ ਹਰਾ ਕੇ ਐਲਬਾ ਟਾਪੂ ਤੇ ਨਜ਼ਰਬੰਦ ਕਰ ਦਿੱਤਾ।18 ਜੂਨ 1815 ਦੀ ਵਿਸ਼ਵ ਪ੍ਰਸਿੱਧ ਵਾਟਰਲੂ (ਬੈਲਜੀਅਮ) ਦੀ ਲੜਾਈ ਨੈਪੋਲੀਅਨ ਬੋਨਾਪਾਰਟ ਦੇ ਸ਼ਾਸਕ ਜੀਵਨ ਦਾ ਅੰਤ ਸਿੱਧ ਹੋਈ । ਇਸ ਲੜਾਈ ਵਿੱਚੋਂ ਭੱਜ ਕੇ ਨੈਪੋਲੀਅਨ ਪੈਰਿਸ ਪਹੁੰਚਿਆ ਪਰ ਉਸ ਨੂੰ ਕੋਈ ਆਸਰਾ ਨਾ ਮਿਲਿਆ।ਉਸ ਦੀ ਆਖਰੀ ਕੋਸ਼ਿਸ਼ ਰੋਚਫੋਟ, ਫਰਾਂਸ ਦੀ ਬੰਦਰਗਾਹ ਤੋਂ ਅਮਰੀਕਾ ਭੱਜਣ ਦੀ ਸੀ ਪਰ ਬਿ੍ਟਿਸ਼ ਫ਼ੌਜੀ ਜਹਾਜ਼ਾਂ ਨੇ ਹਰ ਬੰਦਰਗਾਹ ਤੇ ਕਬਜ਼ਾ ਕਰ ਲਿਆ।ਜਦ ਨੈਪੋਲੀਅਨ ਨੂੰ ਇਹ ਸਾਫ ਪਤਾ ਲੱਗ ਗਿਆ ਕਿ ਅੰਗਰੇਜ਼ ਸਿਪਾਹੀਆਂ ਨੂੰ ਉਸ ਨੂੰ ਜ਼ਿੰਦਾ ਜਾਂ ਮੁਰਦਾ ਫੜਨ ਦਾ ਹੁਕਮ ਮਿਲ ਚੁੱਕਾ ਹੈ ਤਾਂ ਉਸ ਨੇ ‘ਐਚ.ਐਸ.ਐਮ ਬੈਲਰੋਫਨ’ ਨਾਂਅ ਦੇ ਜੰਗੀ ਜਹਾਜ ਉੱਪਰ ਅੰਗਰੇਜ਼ ਨੇਵੀ ਦੇ ਕੈਪਟਨ ਫ੍ਰੈਡਰਿਕ ਮੇਟਲੈਂਡ ਦੇ ਅੱਗੇ ਆਤਮ-ਸਮਰਪਣ ਕਰ ਦਿੱਤਾ।ਉਸਨੂੰ ਗ੍ਰਿਫਤਾਰ ਕਰ ਲਿਆ ਤੇ ਸੈਂਟ ਹੈਲੀਨਾ ਟਾਪੂ ਵਿੱਚ ਕੈਦ ਕਰ ਦਿਤਾ।ਉਥੇ ਕੈਂਸਰ ਨਾਲ 5 ਮਈ 1821 ਨੂੰ ਉਸਦੀ ਮੌਤ ਹੋ ਗਈ।ਇਸ ਜੁਝਾਰੂ ਫਰੈਂਚ ਆਗੂ ਦੀ ਮੌਤ ਨਾਲ ਅੰਗਰੇਜ਼ੀ ਰਾਜ ਨੂੰ ਮਿਲੀ ਇਕ ਵੱਡੀ ਚੁਣੌਤੀ ਦਾ ਸਦਾ ਲਈ ਅੰਤ ਹੋ ਗਿਆ।
ਉਸਨੂੰ ਪੈਰਿਸ ਵਿੱਚ ਬੜੇ ਸ਼ਾਹੀ ਸਨਮਾਨਾਂ ਨਾਲ ਦਫਨਾਇਆ ਗਿਆ।ਉਹ ਪਹਿਲਾ ਸ਼ਾਸਕ ਸੀ ਜਿਸਨੇ ਜਾਗੀਰਦਾਰੀ ਪ੍ਰਥਾ ਖਤਮ ਕੀਤੀ।ਉਸ ਦੁਆਰਾ ਬਣਾਇਆ ਸਿਵਲ ਕਾਨੂੰਨਾਂ ਦਾ ਸੰਗ੍ਰਿਹ ਕੋਡ ਨੈਪੋਲੀਅਨ ਸੰਸਾਰ ਦੇ ਅਨੇਕਾਂ ਕਾਨੂੰਨ ਸੰਗ੍ਰਿਹ ਦਾ ਰਾਹ ਦਸੇਰਾ ਹੈ।ਅੱਜ ਵੀ ਫਰਾਂਸ ਵਿੱਚ ਉਸਦਾ ਨਾਮ ਇੱਜਤ ਨਾਲ ਲਿਆ ਜਾਂਦਾ ਹੈ ਉਸਦੇ ਸ਼ਬਦਕੋਸ਼ ਵਿੱਚ ‘ਅਸੰਭਵ’ ਸ਼ਬਦ ਨਹੀਂ ਸੀ। ਮੁਖਵਿੰਦਰ ਸਿੰਘ ਚੋਹਲਾ

Loading

Leave a Reply