ਪਿੰਡ ਸੂਸਾਂ (ਸੂਸ) ਵਿਖੇ ਲੋਕਾਂ ਵੱਲੋਂ ਤੀਸਰਾ ਧੜਾ ਬਣਾਉਣ ਦੀਆਂ ਚਰਚਾਵਾਂ

ਇਨਕਲਾਬੀ ਬੁਲੇਟਿਨ ਨਿਊਜ਼ ਸਰਵਿਸ, ਸੂਸਾਂ (ਹੁਸ਼ਿਆਰਪੁਰ)
ਦੋਆਬੇ ਦੇ ਪ੍ਰਸਿੱਧ ਪਿੰਡ ਸੂਸਾਂ (ਸੂਸ) ਵਿਖੇ ਆਉਂਦੇ ਕੁਝ ਹਫ਼ਤਿਆਂ ਵਿੱਚ ਇੱਕ ਨਵੇਂ ਧੜੇ ਦੇ ਬਣਨ ਨਾਲ ਇਲਾਕੇ ਦੀ ਸਿਆਸਤ ਵਿੱਚ ਨਵੇਂ ਫੇਰ ਬਦਲ ਹੋਣ ਦੀ ਸੰਭਾਵਨਾ ਬਣ ਗਈ ਹੈ। ਇਸ ਸਬੰਧੀ ਪਿੰਡ ਦੇ ਬਹੁਤੇ ਲੋਕਾਂ ਵਿੱਚ ਅੰਦਰਖ਼ਾਤੇ ਇੱਕ ਦੂਸਰੇ ਨਾਲ ਰਾਬਤਾ ਰੱਖਿਆ ਹੋਇਆ ਦੱਸਿਆ ਜਾ ਰਿਹਾ ਹੈ। ਅਜਿਹਾ ਹੋਣ ਦੀ ਸੂਰਤ ਵਿੱਚ ਜਿਲੇ ਦੀਆਂ ਪੰਚਾਇਤੀ ਚੋਣਾਂ ਵਿੱਚ ਪਿਛਲੇ ਦਹਾਕਿਆਂ ਤੋਂ ਚਰਚਾ ਵਿੱਚ ਰਹਿਣ ਵਾਲੀ ਇਸ ਪਿੰਡ ਦੀਆਂ ਪੰਚਾਇਤ ਚੋਣਾਂ ਵਿੱਚ ਵੀ ਨਵੇਂ ਸਮੀਕਰਨ ਬਣਨ ਦੇ ਆਸਾਰ ਪੈਦਾ ਹੋ ਗਏ ਹਨ। ਪਿੰਡ ਦੇ ਲੋਕਾਂ ਦੀ ਮੌਜੂਦਾ  ਚੁੱਪਚਾਪ ਸਥਿਤੀ ਤੋਂ ਇਹ ਕਹਿਣਾ ਥੋੜੀ ਜਲ਼ਦਬਾਜ਼ੀ ਹੋ ਸਕਦੀ ਹੈ ਲੇਕਿਨ ਇਸਤੋਂ ਇਨਕਾਰ ਕਰਨਾ ਵੀ ਮੁਸ਼ਕਲ ਜਾਪਦਾ ਹੈ। ਕਿਉਂਕਿ ਪਿੰਡ ਦੇ ਦਰਜ਼ਨਾਂ ਲੋਕ ਖ਼ਾਸ ਕਰਕੇ ਨੌਜਵਾਨ ਵਰਗ ਤੀਜੇ ਧੜੇ ਦਾ ਵੱਡਾ ਹਮਾਇਤੀ ਦੱਸਿਆ ਜਾ ਰਿਹਾ ਹੈ ਤੇ ਇਸ ਲਈ ਯਤਨ ਵੀ ਕੀਤੇ ਜਾ ਰਹੇ ਹਨ।
ਦੱਸਣਾ ਬਣਦਾ ਹੈ ਕਿ ਪਿੰਡ ਸੂਸ ਜਿੱਥੇ ਪਿਛਲੇ ਕਈ ਦਹਾਕਿਆਂ ਤੋਂ ਪਿੰਡ ਦੀ ਪੰਚਾਇਤ ਦੇ ਅਧਾਰ ਤੇ ਹੀ ਇੱਥੋਂ ਦੇ ਵਿਸ਼ਵ ਪ੍ਰਸਿੱਧ ਡੇਰਾ ਬਾਬਾ ਜਵਾਹਰਦਾਸ ਦੀ ਪ੍ਰਬੰਧਕੀ ਕਮੇਟੀ ਦਾ ਗਠਨ ਕੀਤਾ ਜਾਂਦਾ ਰਿਹਾ ਹੈ। ਲੇਕਿਨ ਮੌਜੂਦਾ ਪੰਚਾਇਤ ਵੱਲੋਂ ਉਕਤ ਡੇਰੇ ਦਾ ਪ੍ਰਬੰਧ ਕਥਿਤ ਤੌਰ ਤੇ ਲਿਖਤੀ ਤੌਰ ਤੇ ਦਮਦਮੀ ਟਕਸਾਲ ਨੂੰ ਸੌਂਪ ਦਿੱਤਾ ਸੀ ਜੋ ਕਿ ਹੁਣ ਡੇਰੇ ਦਾ ਪ੍ਰਬੰਧ ਚਲਾ ਰਹੀ ਹੈ। ਦੱਸਣਾ ਬਣਦਾ ਹੈ ਕਿ ਪੰਚਾਇਤ ਦੀ ਇਸ ਕਾਰਵਾਈ ਸਬੰਧੀ ਕੁਝ ਲੋਕਾਂ ਦੀ ਸ਼ਿਕਾਇਤ ਹੁਸ਼ਿਆਰਪੁਰ ਦੇ ਉੱਚ ਪ੍ਰਸ਼ਾਸ਼ਨਿਕ ਅਧਿਕਾਰੀਆਂ ਕੋਲ ਪਿਛਲੇ ਕਈ ਹਫ਼ਤਿਆਂ ਤੋਂ ਪਹੁੰਚ ਚੁੱਕੀ ਹੈ ਜਿਸਤੇ ਉਚ ਅਫ਼ਸਰਾਂ ਵੱਲੋਂ ਜਾਂਚ ਉਪਰੰਤ ਕੀ ਕਾਰਵਾਈ ਹੁੰਦੀ ਹੈ ਇਸ ਗੱਲ ਤੇ ਵੀ ਇਲਾਕੇ ਦੀ ਨਜ਼ਰ ਹੈ।
ਦੂਸਰੇ ਪਾਸੇ ਇਹ ਦੱਸਣਾ ਵੀ ਗੈਰ ਵਾਜ਼ਿਬ ਨਹੀਂ ਹੋਵੇਗਾ ਕਿ ਮੌਜੂਦਾ ਪੰਚਾਇਤ ਵੱਲੋਂ ਡੇਰਾ ਬਾਬਾ ਜਵਾਹਰਦਾਸ ਜੀ ਦਾ ਪ੍ਰਬੰਧ ਲ਼ਿਖਤੀ ਤੌਰ ਤੇ ਦਮਦਮੀ ਟਕਸਾਲ ਨੂੰ ਦਿੱਤੇ ਜਾਣ ਤੋਂ ਬਾਅਦ ਵੀ ਆਪਣਾ ਅਹੁਦਾ ਛੱਡਣ ਵਾਲੀ ਡੇਰਾ ਪ੍ਰਬੰਧਕੀ ਕਮੇਟੀ ਦੇ ਅਹੁਦੇਦਾਰਾਂ ਵੱਲੋਂ ਕਥਿਤ ਤੌਰ ਤੇ ਕਢਾਈ ਗਈ ਲੱਖਾਂ ਰੁਪਏ ਦੀ ਰਾਸ਼ੀ ਦਾ ਮਾਮਲਾ ਵੀ ਪ੍ਰਸ਼ਾਸ਼ਨਿਕ ਅਧਿਕਾਰੀਆਂ ਕੋਲ਼ ਜਾਂਚ ਲਈ ਗਿਆ ਹੋਇਆ ਹੈ ਜਿਸਤੇ ਕਾਰਵਾਈ ਦੀ ਪਿੰਡ ਵਾਸੀਆਂ ਤੇ ਇਲਾਕੇ ਨੂੰ ਉਡੀਕ ਹੈ।
ਉਪਰੋਕਤ ਮਾਮਲਿਆਂ ਦੇ ਚਲਦਿਆਂ ਪਿੰਡ ਦੇ ਲੋਕ ਪਿਛਲੇ ਕੁਝ ਦਹਾਕਿਆਂ ਤੋਂ ਪਿੰਡ ਵਿੱਚ ਚੱਲ ਰਹੇ ਦੋਵਾਂ ਧੜਿਆਂ ਤੋਂ ਮਨੋ ਮਨੀ ਨਿਰਾਸ਼ ਦੱਸੇ ਜਾ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਕੁਝ ਲੋਕਾਂ ਦੀ ਕਥਿਤ ਚੌਧਰ ਲਈ ਉਹ ਆਪੇ ਵਿੱਚ ਇੱਕ ਦੂਸਰੇ ਦੇ ਵਿਰੋਧੀ ਬਣ ਰਹੇ ਹਨ ਜਦਕਿ ਦੋਵੇਂ ਧੜੇ ਆਪੋ ਆਪਣੇ ਉੱਲੂ ਸਿੱਧੇ ਕਰਨੇ ਤੋਂ ਇਲਾਵਾ ਹੋਰ ਕੋਈ ਖ਼ਾਸ ਪ੍ਰਾਪਤੀਆਂ ਕਰਨ ਕਰਵਾਉਣ ਵਿੱਚ ਆਸ ਮੁਤਾਬਿਕ ਕਾਮਯਾਬ ਨਹੀਂ ਹੋਏ ਹਨ। ਦੋਵਾਂ ਧੜਿਆਂ ਦੇ ਆਪੋ ਆਪਣੇ ਸਿਆਸੀ ਮਕਸਦ ਹਨ ਲੇਕਿਨ ਆਮ ਲੋਕਾਂ ਦੀ ਕਿਸੇ ਨੂੰ ਪ੍ਰਵਾਹ ਨਹੀਂ ਹੈ। ਇੱਥੋਂ ਤੱਕ  ਪਿੰਡ ਜਾਂ ਇਲਾਕੇ ਦੇ ਵਿਕਾਸ ਲਈ ਅੱਜ ਤੱਕ ਉਹ ਕੰਮ ਨਹੀਂ ਹੋ ਸਕੇ ਜੋ ਹੋ ਸਕਦੇ ਹਨ।
ਇਸ ਸਾਰੇ ਮਾਮਲੇ ਵਿੱਚ ਤੀਸਰੇ ਧੜੇ ਨੂੰ ਪਿੰਡ ਦੇ ਵਿਦੇਸ਼ਾਂ ‘ਚ ਵਸਦੇ ਨੌਜਵਾਨਾਂ ਦਾ ਵੀ ਸਮਰਥਨ ਦੱਸਿਆ ਜਾ ਰਿਹਾ ਹੈ ਜੋ ਕਿ ਬਗੈਰ ਕਿਸੇ ਧੜੇਬੰਦੀ ਦੇ ਪਿੰਡ ਦਾ ਵਿਕਾਸ ਦੇਖਣਾ ਚਾਹੁੰਦੇ ਹਨ।
ਪਿੰਡ ਦੇ ਕੁਝ ਲੋਕਾਂ ਦਾ ਕਹਿਣਾ ਹੈ ਦੋਵੇਂ ਧੜੇ ਹੀ ਲੋਕਾਂ ਦੀਆਂ ਆਸਾਂ ਤੇ ਖ਼ਰੇ ਉਤਰਦੇ ਨਹੀਂ ਦਿਸ ਰਹੇ ਹਨ ਇਸ ਲਈ ਤੀਸਰਾ ਧੜਾ ਬਣਾਉਣ ਦੀਆਂ ਸੰਭਾਵਨਾਵਾਂ ਤੇ ਵਿਚਾਰ ਕੀਤਾ ਜਾ ਰਿਹਾ ਹੈ। ਕਿਉਂਕਿ ਲੋਕਾਂ ਵਿੱਚ ਆਪਸੀ ਪਿਆਰ ਤੇ ਸਾਂਝ ਦੀ ਭਾਵਨਾ ਨੂੰ ਮੁੱਖ ਰੱਖਣਾ ਚਾਹੀਦਾ ਹੈ ਨਾ ਕਿ ਦੋ ਧੜਿਆਂ ਦੀ ਆਪਸੀ ਖ਼ਹਿਬਾਜ਼ੀ ਵਿੱਚ ਐਂਵੇਂ ਐਂਵੇਂ ਫਸੀ ਜਾਣਾ।
ਇਹ ਗੱਲ ਵਿਸ਼ੇਸ਼ ਤੌਰ ਤੇ ਜ਼ਿਕਰਯੋਗ ਹੈ ਕਿ ਪੰਚਾਇਤ ਵੱਲੋਂ ਡੇਰੇ ਦਾ ਪ੍ਰਬੰਧ ਦਮਦਮੀ ਟਕਸਾਲ ਨੂੰ ਸੌਂਪਣ ਤੋਂ ਬਾਅਦ ਵੀ ਪਿੰਡ ਦੇ ਦੋਵਾਂ ਧੜਿਆਂ ਦੇ ਹਮਾਇਤੀਆਂ ਵਿੱਚ ਸੋਸ਼ਲ ਮੀਡੀਆ ਤੇ ਵੱਖ ਵੱਖ ਆਈਡੀਆਂ ਬਣਾ ਕੇ ਕਾਫ਼ੀ ਤਿੱਖੇ ਸ਼ਬਦਾਂ ਦਾ ਪ੍ਰਯੋਗ ਇੱਕ ਦੂਸਰੇ ਲਈ ਕੀਤਾ ਜਾਂਦਾ ਰਿਹਾ ਹੈ ਜੋ ਕਿ ਹੁਣ ਕਰੀਬਨ ਬਿਲਕੁੱਲ ਖ਼ਤਮ ਹੋ ਗਿਆ ਦੱਸਿਆ ਜਾਂਦਾ ਹੈ।
ਇਹ ਵੀ ਦੱਸਯੋਗ ਹੈ ਕਿ ਪਿੰਡ ਦੀ ਆਬਾਦੀ 2000 ਦੇ ਕਰੀਬ ਹੈ ਤੇ ਪਿੰਡ ਵਿੱਚ ਕਾਂਗਰਸ, ਅਕਾਲੀ ਦਲ, ਆਮ ਆਦਮੀ ਪਾਰਟੀ ਤੋਂ ਇਲਾਵਾ ਬਸਪਾ ਦਾ ਵੀ ਵੱਡਾ ਅਧਾਰ ਹੈ ਜਿਸਦੀ ਅਗੁਵਾਈ ਨੌਜਵਾਨ ਧੜਾ ਕਰਦਾ ਦੱਸਿਆ ਜਾਂਦਾ ਹੈ।
ਇਹਨਾਂ ਸਾਰੇ ਹਾਲਾਤਾਂ ਵਿੱਚ ਪਿੰਡ ਦੇ ਲੋਕਾਂ ਵੱਲੋਂ ਤੀਸਰੇ ਧੜੇ ਨੂੰ ਕਦੋਂ ਤੱਕ ਅਮਲੀ ਜਾਮਾ ਪਹਿਨਾਇਆ ਜਾਂਦਾ ਹੈ ਇਹ ਆਉਣ ਵਾਲੇ ਦਿਨਾਂ ਵਿੱਚ ਸਾਫ਼ ਹੋ ਜਾਵੇਗਾ।

Loading

Leave a Reply