ਚਰਚਾ ‘ਚ ਆਈ ਗਦਰੀ ਯੋਧੇ ਤੇ ਆਦਿ ਧਰਮ ਦੇ ਬਾਨੀ ”ਬਾਬੂ ਮੰਗੂ ਰਾਮ ਮੁਗੋਵਾਲੀਆ” ਤੇ ਲਿਖੀ ਡਾ ਜਸਵੰਤ ਰਾਏ ਸਾਹਰੀ ਦੀ ਕਿਤਾਬ

ਇਨਕਲਾਬੀ ਬੁਲੇਟਿਨ ਲਈ ਹੁਸ਼ਿਆਰਪੁਰ ਤੋਂ ਹਰਜਿੰਦਰ ਹਰਗੜੀਆ
”ਦੱਬੇ ਕੁਚਲੇ ਲੋਕਾਂ ਦੀ ਜਿੰਦਗੀ ਦਾ ਹੋਰਨਾਂ ਦੁਖਾਤਾਂ ਦੇ ਨਾਲ ਨਾਲ ਇਹ ਵੀ ਵੱਡਾ ਦੁਖਾਂਤ ਰਿਹਾ ਹੈ ਕਿ ਉਹਨਾਂ ਦਾ ਇਤਹਾਸ ਵੀ ਕੋਈ ਸਾਂਭਣ ਦਾ ਯਤਨ ਨਹੀਂ ਕਰਦਾ ਹੈ। ਇਸਦੇ ਚਲਦਿਆਂ ਅਜਿਹੇ ਸਮਾਜ ਦੇ ਅਨੇਕਾਂ ਨਾਇਕਾਂ ਦੀ ਚਰਚਾ ਹੀ ਨਹੀਂ ਹੁੰਦੀ। ਅਜਿਹੇ ਹੀ ਇਕ ਨਾਇਕ ਹਨ ਬਾਬੂ ਮੰਗੂ ਰਾਮ ਮੁਗੋਵਾਲੀਆ ਹਨ ਜਿਹਨਾਂ ਦੀ ਉਹ ਚਰਚਾ ਨਹੀਂ ਹੋਈ ਜਿਸਦੇ ਉਹ ਹੱਕਦਾਰ ਸਨ। ਬਾਬੂ ਮੰਗੂ ਰਾਮ ਮੁਗੋਵਾਲੀਆ ਵੀ ਇੱਕ ਅਜਿਹੀ ਸਖ਼ਸੀਅਤ ਸਨ। ਉਤੋਂ ਖਾਸ ਗੱਲ ਇਹ ਕਿ ਉਹ ਪੰਜਾਬ ਦੇ ਹੁਸ਼ਿਆਰਪੁਰ ਜਿਲੇ ਨਾਲ ਸਬੰਧਿਤ ਸਨ। ਬਾਬੂ ਮੰਗੂ ਰਾਮ ਬਾਰੇ ਜਿੱਥੇ ਇਤਹਾਸਕਾਰਾਂ ਦੀਆਂ ਕਲਮਾਂ ਖਾਮੋਸ਼ ਹੀ ਰਹੀਆਂ ਹਨ ਤੇ ਜਿਹੜਾ ਥੋੜਾ ਬਹੁਤਾ ਕੰਮ ਹੋਇਆ ਵੀ ਸੀ ਉਹ ਵੀ ਆਮ ਬੰਦੇ ਨੂੰ ਉਲਝਾਉਣ ਵਾਲਾ ਹੀ ਕਿਹਾ ਜਾ ਸਕਦਾ ਹੈ। ਹੁਣ ਪਿਛਲੇ ਸਾਲਾਂ ਤੋਂ ਟਾਵਾਂ ਟਾਵਾਂ ਕਾਰਜ ਹੋਣ ਲੱਗਾ ਹੈ। ਲੇਕਿਨ ਬੀਤੇ ਦਿਨੀਂ ਡਾ ਜਸਵੰਤ ਰਾਏ ਸਾਹਰੀ ਵੱਲੋਂ ਅਤਿ ਖੋਜ਼ ਭਰਪੂਰ ਪੁਸਤਕ ”ਬਾਬੂ ਮੰਗੂ ਰਾਮ ਮੁਗੋਵਾਲੀਆ” ਬਾਬੂ ਮੰਗੂ ਰਾਮ ਦੇ ਜੀਵਨ ਤੇ ਕਾਰਜਾਂ ਸਬੰਧੀ ਇੱਕ ਮੀਲ ਦਾ ਪੱਥਰ ਬਣ ਕੇ ਸਾਹਮਣੇ ਆਈ ਹੈ।”
ਇਨਕਲਾਬੀ ਬੁਲੇਟਿਨ ਵੱਲੋਂ ਪੇਸ਼ ਹੈ ਪੁਸਤਕ ਦੇ ਲੇਖਕ ਡਾ ਜਸਵੰਤ ਰਾਏ ਸਾਹਰੀ ਨਾਲ ਮੁਲਾਕਾਤ ਦੇ ਕੁਝ ਅੰਸ਼ :-
? ਬਾਬੂ ਮੰਗੂ ਰਾਮ ਤੇ ਕਿਤਾਬ ਲਿਖਣ ਦਾ ਵਿਚਾਰ ਮਨ ਵਿੱਚ ਕਿਵੇਂ ਆਇਆ
ਬਚਪਨ ਤੋਂ ਹੀ ਮੇਰੇ ਮਨ ਵਿੱਚ ਆਦਿ ਧਰਮੀ ਸ਼ਬਦ ਕਿੱਥੋਂ ਨਿਕਲਿਆ ਸਬੰਧੀ ਇੱਕ ਸਵਾਲ ਗੂੰਜਦਾ ਰਹਿੰਦਾ ਸੀ। ਡਾ ਅੰਬੇਡਕਰ ਤੋਂ ਬਾਅਦ ਸਮਾਜਿਕ ਕ੍ਰਾਂਤੀ ਦੀ ਲਹਿਰ ਨੂੰ ਅਗਾਂਹ ਤੋਰਨ ਵਾਲੇ ਆਗੂ ਸਾਹਿਬ ਕਾਂਸ਼ੀ ਰਾਮ ਨੇ ਇਸ ਸਵਾਲ ਨੂੰ ਹੋਰ ਵੀ ਪਰਪੱਕ ਕੀਤਾ, ਕਿਉਂਕਿ ਉਹ ਅਕਸਰ ਆਪਣੇ ਹਰ ਲੈਕਚਰ ਵਿੱਚ ਬਾਬੂ ਮੰਗੂ ਰਾਮ ਅਤੇ ਆਦਿ ਧਰਮ ਦਾ ਜ਼ਿਕਰ ਜਰੂਰ ਕਰਦੇ ਸਨ। ਗਦਰ ਲਹਿਰ ਨੂੰ ਪੜ•ਦਿਆਂ ਗੁੜਦਿਆਂ ਮੇਰੇ ਮਨ ਵਿੱਚ ਆਦਿ ਧਰਮ ਤੇ ਬਾਬੂ ਮੰਗੂ ਰਾਮ ਬਾਰੇ ਖ਼ਿਆਲ ਅੰਗੜਾਈ ਲੈਣ ਲੱਗਾ। ਲਗਾਤਾਰ ਤਿੰਨ ਸਾਲ ਦੀ ਮਿਹਨਤ ਉਪਰੰਤ ਇਹ ਖਿਆਲ ਪੁਸਤਕ ਰੂਪ ਵਿੱਚ ਪਾਠਕਾਂ ਦੇ ਰੂ ਬ ਰੂ ਕਰ ਸਕਿਆ ਹਾਂ।
? ਬਾਬੂ ਮੰਗੂ ਰਾਮ ਮੁਗੋਵਾਲੀਆ ਦਾ ਇਤਹਾਸ ਵਿੱਚ ਕੀ ਯੋਗਦਾਨ ਹੈ
ਬਾਬੂ ਮੰਗੂ ਰਾਮ ਮੁਗੋਵਾਲੀਆ ਦਾ ਇਤਹਾਸ ਵਿਚ ਮਿਸਾਲੀ ਯੋਗਦਾਨ ਹੈ। ਡਾ ਅੰਬੇਡਕਰ ਨੂੰ ਅੰਤਰ ਰਾਸ਼ਟਰੀ ਪੱਧਰ ਤੇ ਚਮਕਾਉਣ ਵਿੱਚ ਵੀ ਬਾਬੂ ਮੰਗੂ ਰਾਮ ਦਾ ਵੱਡਾ ਯੋਗਦਾਨ ਸੀ। ਡਾ ਅੰਬੇਡਕਰ ਦੀ ਜੱਦੋਜਹਿਦ ਸਦਕਾ ਅਛੂਤਾਂ ਨੂੰ ਮਿਲੇ ਹੱਕਾਂ ਖਿਲਾਫ਼ ਮਹਾਤਮਾ ਗਾਂਧੀ ਵੱਲੋਂ ਮਰਨ ਵਰਤ ਤੇ ਬੈਠਣ ਦੇ ਮੁਕਾਬਲੇ ਬਾਬੂ ਮੰਗੂ ਰਾਮ ਮੁਗੋਵਾਲੀਆ ਵੱਲੋਂ ਮਹਾਤਮਾ ਗਾਂਧੀ ਖਿਲਾਫ਼ ਜਲੰਧਰ ਜਿਲੇ ਵਿਚ ਮਰਨ ਵਰਤ ਤੇ ਬੈਠਣਾ, 1937 ਈ: ਵਿਚ ਪਹਿਲੀ ਵਾਰ 07 ਆਦਿ ਧਰਮੀ ਐਮਐਲਏ ਬਣਾਉਣੇ, 1946 ਵਿੱਚ ਆਪ ਐਮਐਲਏ ਚੁਣੇ ਜਾਣਾ, ਗਦਰ ਪਾਰਟੀ ਵਿਚ ਜਾਨ ਤਲੀ ਤੇ ਧਰ ਕੇ ਕੰਮ ਕਰਨਾ, ਆਦਿ ਡੰਕਾ ਅਖ਼ਬਾਰ ਕੱਢਣਾ, ਲਗਾਤਾਰ ਅਛੂਤਾਂ ਦੇ ਹੱਕਾਂ ਲਈ ਸੰਘਰਸ਼ਸੀਲ ਰਹਿਣਾ ਉਹਨਾਂ ਦੀਆਂ ਮਿਸਾਲੀ ਪ੍ਰਾਪਤੀਆਂ ਹਨ। ਜਿਹਨਾਂ ਦਾ ਜ਼ਿਕਰ ਉਸ ਪੱਧਰ ਤੱਕ ਨਹੀਂ ਹੋਇਆ ਜਿਸਦੇ ਉਹ ਹੱਕਦਾਰ ਸਨ। ਕਿਉਂਕਿ ਇਤਹਾਸ ਸਦਾ ਸੱਤੀਂ ਵੀਹੀਂ ਸੌ ਵਾਲਿਆਂ ਦਾ ਹੀ ਰਿਹਾ ਹੈ।
? ਬਾਬੂ ਮੰਗੂ ਰਾਮ ਦੇ ਸ਼ੁਰੂ ਕੀਤੇ ਮਿਸ਼ਨ ਨੂੰ ਅੱਜ ਕਿੱਥੇ ਪਹੁੰਚਾ ਦੇਖਦੇ ਹੋ
ਬਾਬੂ ਮੰਗੂ ਰਾਮ ਦੇ ਸ਼ੁਰੂ ਕੀਤੇ ਮਿਸ਼ਨ ਸਦਕਾ ਹੀ ਆਦਿ ਧਰਮੀ ਆਪਣੀ ਹੋਣੀ ਆਪ ਲਿਖਣ ਦੇ ਕਾਬਿਲ ਬਣੇ ਹਨ। ਜਿਹਨਾਂ ਨੂੰ ਸਕੂਲ ਦਾਖਿਲ ਹੋਣ ਦੀ ਆਗਿਆ ਨਹੀਂ ਸੀ, ਉਹੀ ਲੋਕ ਯੂਨੀਵਰਸਿਟੀਆਂ ਵਿਚ ਪੜ•ਾ ਰਹੇ ਹਨ। ਜਿਹੜੇ ਦੋ ਮਰਲੇ ਥਾਂ ਨਹੀਂ ਸੀ ਖਰੀਦ ਸਕਦੇ ਅੱਜ ਮੁਰੱਬਿਆਂ ਦੇ ਮਾਲਕ ਹਨ। ਬਾਬੂ ਮੰਗੂ ਰਾਮ ਨੇ ਪੰਜਾਬ ਦੇ ਅਛੂਤ ਲੋਕਾਂ ਨੂੰ ਪਹਿਲੀ ਵਾਰ ਇਤਹਾਸ ਵਿੱਚ ਆਪਣੇ ਮੂਲ ਨਾਲ ਜੋੜ ਕੇ ਮਾਣ ਸਨਮਾਨ ਵਾਲੀ ਜਿੰਦਗੀ ਜਿਊਣ ਦਾ ਬਲ ਲੈ ਕੇ ਦਿੱਤਾ ਸੀ।
? ਕੀ ਪੰਜਾਬੀ ਸਾਹਿਤ ਜਾਂ ਦੇਸ਼ ਦੇ ਇਤਹਾਸਕਾਰਾਂ ਵੱਲੋਂ ਬਾਬੂ ਮੰਗੂ ਰਾਮ ਨੂੰ ਬਣਦਾ ਸਥਾਨ ਮਿਲਿਆ ਹੈ
ਬਾਬੂ ਮੰਗੂ ਰਾਮ ਮੁਗੋਵਾਲੀਆ ਦਾ ਜਿੰਨਾ ਗਦਰ ਪਾਰਟੀ ਵਿੱਚ ਮਿਸਾਲੀ ਕੰਮ ਸੀ, ਉਨਾ ਹੀ ਅਛੂਤ ਵਰਗ ਲਈ ਸੰਘਰਸ਼ ਕਰਨ ਵਿਚ ਵੀ ਸੀ। ਲੇਕਿਨ ਦੁੱਖ ਨਾਲ ਕਹਿਣਾ ਪੈਂਦਾ ਹੈ ਉਹਨਾਂ ਦੇ ਵਡਮੁੱਲੇ ਕਾਰਜਾਂ ਦਾ ਇਤਹਾਸਕਾਰਾਂ ਵੱਲੋਂ ਬਣਦਾ ਮਾਣ ਸਤਿਕਾਰ ਨਹੀਂ ਕੀਤਾ ਗਿਆ। 1915 ਈ: ਵਿੱਚ ਬਾਬੂ ਮੰਗੂ ਰਾਮ ਅਮਰੀਕਾ ਤੋਂ ਹਥਿਆਰਾਂ ਦਾ ਇਕ ਬਹੁਤ ਵੱਡਾ ਜਖ਼ੀਰਾ ਸਮੁੰਦਰੀ ਜਹਾਜ ਵਿੱਚ ਭਰਕੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਭਾਰਤ ਲਿਆ ਰਹੇ ਸਨ। ਬਦਕਿਸਮਤੀ ਨਾਲ ਫੜੇ ਗਏ, ਦੋ ਵਾਰ ਮੌਤ ਦੇ ਮੂੰਹ ‘ਚੋਂ ਬਚੇ, ਅੰਗਰੇਜ਼ਾਂ ਦੀਆਂ ਸੀਆÂਡੀ ਫਾਈਲਾਂ ਵਿੱਚ ਉਹਨਾਂ ਨੂੰ ਖ਼ਤਰਨਾਕ ਅਪਰਾਧੀ ”ਮੰਗੂ ਰਾਮ” ਵਜੋਂ ਗਰਦਾਨਿਆ ਗਿਆ ਮਿਲਦਾ ਹੈ। ਇਹ ਤੇ ਹੋਰ ਅਨੇਕਾਂ ਇਹੋ ਜਿਹੇ ਦੇਸ਼ ਭਗਤੀ ਦੇ ਵੱਡੇ ਕਾਰਜ ਕਰਨ ਦੇ ਬਾਵਜੂਦ ਵੀ ਇਤਹਾਸਕਾਰਾਂ ਨੂੰ ਕੁਝ ਕੁ ਸਤਰਾਂ ਵਿੱਚ ਸਮੇਟਣ ਤੱਕ ਸੀਮਤ ਰੱਖਿਆ ਹੈ। ਇਸ ਨੂੰ ਅਸੀਂ ਅਨਿਆਂ ਨਹੀਂ ਤਾਂ ਹੋਰ ਕੀ ਕਹਾਂਗੇ।
? ਬਾਬੂ ਜੀ ਦੇ ਜੀਵਨ ਦਾ ਕੋਈ ਵਾਕਿਆ ਜਿਸਨੇ ਤੁਹਾਨੂੰ ਕਿਤਾਬ ਲਿਖਦਿਆਂ ਜ਼ਜ਼ਬਾਤੀ ਕਰ ਦਿੱਤਾ ਹੋਵੇ
ਅਛੂਤਾਂ ਨਾਲ ਵਿਤਕਰੇ ਨੂੰ ਹੱਢਾਂ ਨਾਲ ਹੰਢਾਉਣ ਵਾਲੇ ਬਾਬੂ ਮੰਗੂ ਰਾਮ ਨੂੰ ਬਜਵਾੜਾ ਸਕੂਲ ਵਿਖੇ 06ਵੀਂ ਕਲਾਸ ਦੀ ਪੜ•ਾਈ ਦੌਰਾਨ ਕਲਾਸਰੂਮ ਤੋਂ ਬਾਹਰ ਨਹੀਂ, ਦਰਵਾਜ਼ੇ ਤੇ ਵੀ ਨਹੀਂ ਸਗੋਂ ਕਮਰੇ ਦੇ ਪਿਛਲੇ ਪਾਸੇ ਬਣੀ ਤਾਕੀ ਵਿੱਚੋਂ ਦੀ ਮਧਰੇ ਕੱਦ ਦੇ ਕਾਰਨ ਗੋਡਿਆਂ ਪਾਰਨੇ ਹੋ ਕੇ ਪੜ•ਨਾ ਪਿਆ । ਲੇਕਿਨ ਇਸੇ ਕਲਾਸ ਦੌਰਾਨ ਜਦੋਂ ਉਹਨਾਂ ਨੂੰ ਆਪਣੇ ਮਾਸੂਮ ਪਿੰਡੇ ਤੇ ਮੀਂਹ ਹਨ•ੇਰੀ ਦੌਰਾਨ ਗੜੇ ਤੱਕ ਝੱਲਣੇ ਪਏ ਤੇ ਟੁੱਟ ਕੇ ਕਲਾਸਰੂਮ ਵਿੱਚ ਆਉਣ ਤੇ ਅਧਿਆਪਕ ਪੋਲੋ ਰਾਮ ਵੱਲੋਂ ਢਾਈ ਫੁੱਟੀ ਬੈਂਤ ਦੀ ਸੋਟੀ ਨਾਲ ਪਿੱਠ ਤੇ ਛੱਲੀਆਂ ਵਾਂਗ ਕੁੱਟਣ ਕਾਰਨ ਪਈਆਂ ਲਾਸਾਂ ਨੂੰ ਰਾਤ ਨੂੰ ਰਜਾਈ ਵਿੱਚ ਪਏ ਹੋਏ ਹੱਥ ਫੇਰਦਿਆਂ ਜੋ ਟੀਸ ਮਹਿਸੂਸ ਕੀਤੀ ਸੀ ਇਕ ਸਦੀ ਬਾਅਦ ਵੀ ਉਹੀ ਵਾਕਿਆ ਲਿਖਦਿਆਂ ਤੇ ਮਹਿਸੂਸ ਕਰਦਿਆਂ ਅੱਖਾਂ ਘਰਾਲਾਂ ਵਾਂਗ ਵਗ ਤੁਰੀਆਂ। ਬਾਬੂ ਮੰਗੂ ਰਾਮ ਨੇ ਜੀਵਨ ਵਿੱਚ ਅਜਿਹੇ ਹੀ ਅਨੇਕਾਂ ਹੋਰ ਵੀ ਵਾਕਿਆਤ ਹੰਢਾਏ ਜਿਹਨਾਂ ਨੇ ਉਹਨੂੰ ਹੋਰ ਵੀ ਮਜ਼ਬੂਤ ਕੀਤਾ।
ਡਾ ਜਸਵੰਤ ਰਾਏ ਸਾਹਰੀ
ਪਿੰਡ ਸਾਹਰੀ ਵਿਖੇ ਮੋਹਨ ਲਾਲ ਅਤੇ ਮਹਿੰਦਰ ਕੌਰ ਦੇ ਲਾਡਲੇ ਡਾ ਜਸਵੰਤ ਰਾਏ ਸਾਹਰੀ ਦਾ ਜੀਵਨ ਸੰਘਰਸ਼ਮਈ ਰਿਹਾ ਹੈ। ਮੌਜੂਦਾ ਸਮੇਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਸਰਾਲਾ ਵਿਖੇ ਪੰਜਾਬੀ ਮਾਸਟਰ ਵਜੋਂ ਸੇਵਾ ਨਿਭਾਅ ਰਹੇ ਡਾ ਜਸਵੰਤ ਰਾਏ ਸਾਹਰੀ ਨੇ ਜਿੱਥੇ ਕਦੇ ਕੁਲ਼ਫ਼ੀਆਂ ਵੇਚੀਆਂ ਤੇ ਦਿਹਾੜੀਆਂ ਕਰਕੇ ਪੜ•ਾਈ ਕੀਤੀ ਹੈ। ਉਥੇ ਹੀ ਇਸ ਇਸ ਨੌਜਵਾਨ ਵਿੱਚ ਜਿੱਥੇ ਬਚਪਨ ਤੋਂ ਹੀ ਦੇਸ਼ ਪਿਆਰ ਦਾ ਜ਼ਜ਼ਬਾ ਠਾਠਾਂ ਮਾਰਦਾ ਰਿਹਾ ਹੈ ਉਥੇ ਹੀ ਉਹਨਾਂ ਦਾ ਇੱਕ ਜਨੂੰਨ ਮਹਾਨ ਤੇ ਅਣਗੌਲ਼ੀਆਂ ਸਖ਼ਸੀਅਤਾਂ ਦੇ ਬਾਰੇ ਲਿਖਣਾ ਵੀ ਰਿਹਾ ਹੈ। ਪੰਜਾਬੀ ਲੋਕਧਾਰਾ ਤੇ ਪੀਐਚਡੀ ਕਰਨ ਵਾਲੇ ਡਾ ਜਸਵੰਤ ਰਾਏ ਸਾਹਰੀ ਨੇ ਜਿੱਥੇ ਆਜ਼ਾਦੀ ਲਹਿਰ ਦੇ ਮਹਾਨ ਯੋਧੇ ਬਾਬੂ ਹਰਨਾਮ ਸਿੰਘ ਸਾਹਰੀ ਦੀ ਜੀਵਨ ਗਾਥਾ ਤੇ ਵੱਡਾ ਖੋਜ਼ ਭਰਪੂਰ ਕਾਰਜ ਕਰਦਿਆਂ ਕਿਤਾਬ ਕੌਮ ਦਾ ਸਿਤਾਰਾ ਬਾਬੂ ਹਰਨਾਮ ਸਿੰਘ ਸਾਹਰੀ ਕਿਤਾਬ ਪੇਸ਼ ਕੀਤੀ। ਉਥੇ ਹੀ ਉਹਨਾਂ ਨੇ ਪਿਛਲੇ ਦਿਨੀਂ ਦੱਬੇ ਕੁਚਲੇ ਸਮਾਜ ਦੇ ਅਣਗਾਏ ਨਾਇਕ ਬਾਬੂ ਮੰਗੂ ਰਾਮ ਮੁਗੋਵਾਲੀਆ ਦੇ ਜੀਵਨ ਤੇ ਕੰਮਾਂ ਤੇ ਵੱਡਾ ਖੋਜ਼ ਕਾਰਜ ਕਰਦਿਆਂ ਕਿਤਾਬ ‘ਬਾਬੂ ਮੰਗੂ ਰਾਮ ਮੁਗੋਵਾਲੀਆ (ਗਦਰੀ ਯੋਧੇ ਤੇ ਆਦਿ ਧਰਮ ਦੇ ਬਾਨੀ)’ ਦੇ ਰੂਪ ਵਿੱਚ ਇਕ ਇਤਹਾਸਿਕ ਦਸਤਾਵੇਜ਼ ਪੇਸ਼ ਕੀਤਾ ਹੈ।
ਇਸ ਕਿਤਾਬ ਤੇ ਜਸਵੰਤ ਕੰਵਲ ਦੀ ਪੜ•ਪੋਤ ਨੂੰਹ ਕਰਨ ਜਾ ਰਹੀ ਹੈ ਪੀਐਚਡੀ
ਡਾ ਜਸਵੰਤ ਰਾਏ ਸਾਹਰੀ ਦੀ ਇਸ ਕਿਤਾਬ ਦੀ ਹੋਈ ਚਰਚਾ ਦਾ ਹੀ ਇੱਕ ਹੋਰ ਆਯਾਮ ਇਹ ਵੀ ਹੈ ਕਿ ਇਸ ਕਿਤਾਬ ਤੇ ਜਸਵੰਤ ਕੰਵਲ ਦੀ ਪੜ•ਪੋਤ ਨੂੰਹ ਹਰਸ਼ਦੀਪ ਕੌਰ ਪੀਐਚਡੀ ਕਰਨ ਜਾ ਰਹੀ ਹੈ। ਇਸਦੇ ਨਾਲ ਨਾਲ ਹੀ ਫਤਹਿਗੜ• ਯੂਨੀਵਰਸਿਟੀ ਦਾ ਇੱਕ ਵਿਦਿਆਰਥੀ ਵੀ ਇਸ ਕਿਤਾਬ ਤੇ ਐਮਫਿੱਲ ਸ਼ੁਰੂ ਕਰਨ ਜਾ ਰਿਹਾ ਹੈ।
ਪੇਸ਼ਕਸ਼ ਹਰਜਿੰਦਰ ਹਰਗੜੀਆ, ਹੁਸ਼ਿਆਰਪੁਰ
![]()
