
ਇਨਕਲਾਬੀ ਬੁਲੇਟਿਨ ਲਈ ਸੂਸਾਂ (ਹੁਸ਼ਿਆਰਪੁਰ) ਤੋਂ ਹਰਜਿੰਦਰ ਹਰਗੜੀਆ
ਦੋਆਬੇ ਦੇ ਪ੍ਰਸਿੱਧ ਧਾਰਮਿਕ ਸਥਾਨਾਂ ਵਿੱਚੋਂ ਇੱਕ ਡੇਰਾ ਬਾਬਾ ਜਵਾਹਰਦਾਸ ਸੂਸਾਂ ਤੇ ਕਬਜ਼ੇ ਨੂੰ ਲੈ ਕੇ ਪਿਛਲੇ ਦਿਨਾਂ ਤੋਂ ਅੰਦਰਖ਼ਾਤੇ ਮਾਹੌਲ ਫਿਰ ਕਾਫ਼ੀ ਗਰਮਾਇਆ ਹੋਇਆ ਹੈ। ਇਸ ਸਬੰਧੀ ਅਤਿ ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ 13 ਮਾਰਚ 2019 ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਦੇ ਕਰੀਬ ਪਿੰਡ ਸੂਸ ਦੀ ਇੱਕ ਧਿਰ ਵੱਲੋਂ ਇਲਾਕਾ ਵਾਸੀਆਂ ਦਾ ਇੱਕਠ ਕੀਤਾ ਜਾ ਰਿਹਾ ਹੈ। ਜਿਸ ਵਿੱਚ ਡੇਰਾ ਬਾਬਾ ਜਵਾਹਰਦਾਸ ਸੂਸਾਂ ਦੀ ਸੇਵਾ ਮੁੜ ਤੋਂ ਪਿੰਡ ਜਾਂ ਇਲਾਕਾ ਵਾਸੀਆਂ ਨੂੰ ਦੇਣ ਲਈ ਕੋਈ ਠੋਸ ਰਣਨੀਤੀ ਦਾ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ।
ਦੱਸਣਾ ਬਣਦਾ ਹੈ ਕਿ ਡੇਰਾ ਬਾਬਾ ਜਵਾਹਰਦਾਸ ਦਾ ਪ੍ਰਬੰਧ ਪਿਛਲੇ ਕਈ ਦਹਾਕਿਆਂ ਤੋਂ ਪਿੰਡ ਸੂਸਾਂ ਦੀ ਪੰਚਾਇਤ ਵੱਲੋਂ ਚੁਣੀ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਜਾਂਦਾ ਸੀ। ਲੇਕਿਨ ਪਿਛਲੇ ਇੱਕ ਸਾਲ ਦੇ ਕਰੀਬ ਸਮੇਂ ਤੋਂ ਪਿੰਡ ਦੀ ਪਿਛਲੀ ਪੰਚਾਇਤ ਵੱਲੋਂ ਡੇਰੇ ਦੀ ਸੇਵਾ ਦਮਦਮੀ ਟਕਸਾਲ ਚੌਂਕ ਮਹਿਤਾ (ਭਿੰਡਰਾਂ) ਨੂੰ ਲਿਖ਼ਤੀ ਤੌਰ ਤੇ ਦੇ ਦਿੱਤੀ ਗਈ ਸੀ। ਉਪਰੰਤ ਅੰਦਰਖ਼ਾਤੇ ਇਸ ਡੇਰੇ ਦੀ ਸੇਵਾ ਵਾਪਸ ਮੁੜ ਆਪਣੇ ਹੱਥਾਂ ‘ਚ ਲੈਣ ਲਈ ਪਿੰਡ ਦੀ ਇੱਕ ਧਿਰ ਵੱਲੋਂ ਭਾਵੇਂ ਕਾਫ਼ੀ ਜ਼ੋਰ ਲਗਾਇਆ ਗਿਆ ਸੀ ਲੇਕਿਨ ਕੋਈ ਵਾਹ ਨਹੀਂ ਚੱਲੀ ਸੀ।
ਦਸੰਬਰ ਵਿੱਚ ਹੋਈਆਂ ਪੰਚਾਇਤੀ ਚੋਣਾਂ ਵਿੱਚ ਵੀ ਪਿੰਡ ਵਿੱਚ ਇਸੇ ਮਸਲੇ ਦੇ ਅਧਾਰ ਤੇ ਚੋਣਾਂ ਲੜੀਆਂ ਗਈਆਂ ਸਨ। ਉਪਰੰਤ ਵੀ ਡੇਰੇ ਦੀ ਸੇਵਾ ਮੁੜ ਪਿੰਡ ਵਾਸੀਆਂ ਕੋਲ਼ ਲਿਆਉਣ ਲਈ ਕੋਈ ਯਤਨ ਸਾਹਮਣੇ ਨਾ ਆਉਣ ਕਾਰਨ ਕਥਿਤ ਤੌਰ ਤੇ ਪਿੰਡ ਵਾਸੀਆਂ ਵਿੱਚ ਅੰਦਰਖ਼ਾਤੇ ਰੋਸ ਦੱਸਿਆ ਜਾ ਰਿਹਾ ਸੀ।
ਇਹੀ ਕਾਰਨ ਹੈ ਪਿਛਲੀ ਪ੍ਰਬੰਧਕ ਕਮੇਟੀ ਦੇ ਇੱਕ ਵੱਡੇ ਅਹੁਦੇਦਾਰ ਨੇ ਆਪਣੇ ਹੀ ਸਾਥੀਆਂ ਦਾ ਸਾਥ ਛੱਡ ਕੇ ਕਥਿਤ ਤੌਰ ਪਿੰਡ ਵਾਸੀਆਂ ਨਾਲ ਖੜਨ ਦਾ ਐਲਾਨ ਕਰ ਦਿੱਤਾ ਸੀ।
ਜਾਣਕਾਰੀ ਮੁਤਾਬਿਕ ਕਥਿਤ ਤੌਰ ਤੇ ਇਹ ਮਸਲਾ ਪ੍ਰਸ਼ਾਸ਼ਨ ਦੇ ਵੀ ਧਿਆਨ ਵਿੱਚ ਹੈ ਤੇ ਪਿੰਡ ਦੇ ਸੈਂਕੜੇ ਲੋਕਾਂ ਨੇ ਡੇਰੇ ਦੀ ਸੇਵਾ ਮੁੜ ਪਿੰਡ ਵਾਸੀਆਂ ਕੋਲ਼ ਲਿਆਉਣ ਲਈ ਵੀ ਕਥਿਤ ਤੌਰ ਤੇ ਪ੍ਰਸ਼ਾਸ਼ਨ ਨੂੰ ਗੁਹਾਰ ਲਗਾਈ ਹੋਈ ਹੈ। ਜੇਕਰ ਅਤਿ ਭਰੋਸੇਯੋਗ ਸੂਤਰਾਂ ਦੀ ਮੰਨੀਏ ਤਾਂ ਇਸ ਵਾਰ ਪਿੰਡ ਦੇ ਲੋਕ ਤੇ ਇਲਾਕਾ ਨਿਵਾਸੀ ਡੇਰੇ ਦੀ ਸੇਵਾ ਆਪਣੇ ਹੱਥਾਂ ਵਿੱਚ ਲੈਣ ਲਈ ਤਕੜਾ ਸੰਘਰਸ਼ ਕਰਨ ਦੇ ਰੌਂਅ ਵਿੱਚ ਹਨ। ਇਸ ਲਈ ਆਉਂਦੇ ਦਿਨਾਂ ਵਿੱਚ ਇਸ ਮਾਮਲੇ ਦੇ ਕਾਫ਼ੀ ਭਖਣ ਦੇ ਆਸਾਰ ਦੱਸੇ ਜਾ ਰਹੇ ਹਨ।
ਡੇਰਾ ਬਾਬਾ ਜਵਾਹਰਦਾਸ ਜੀ ਬਾਰੇ ਸੰਖੇਪ ਜਾਣਕਾਰੀ
ਦੱਸਣਾ ਬਣਦਾ ਹੈ ਕਿ ਡੇਰਾ ਬਾਬਾ ਜਵਾਹਰਦਾਸ ਜੀ ਸੂਸਾਂ ਦੋਆਬੇ ਦੇ ਪ੍ਰਸਿੱਧ ਧਾਰਮਿਕ ਸਥਾਨਾਂ ਵਿੱਚੋਂ ਇੱਕ ਹੈ। ਪਿੰਡ ਦੇ ਹੀ ਵਾਸੀ ਬਾਬਾ ਜਵਾਹਰਦਾਸ ਜੀ ਜੋ ਕਿ ਵੱਡੇ ਤਪੱਸਵੀ ਅਤੇ ਸਮਾਜ ਸੇਵੀ ਸਨ ਨਾਲ ਸਬੰਧਿਤ ਇਸ ਡੇਰੇ ਵਿੱਚ ਸਾਲ ਵਿੱਚ ਦੋ ਵੱਡੇ ਸਮਾਗਮ ਹੁੰਦੇ ਹਨ ਜਿਹਨਾਂ ਵਿੱਚ ਸਾਲਾਨਾ ਜੋੜ ਮੇਲਾ ਤੇ ਬਾਬਾ ਜੀ ਦੀ ਬਰਸੀ ਪ੍ਰਮੁੱਖ ਹਨ। ਸਾਲਾਨਾ ਮੇਲੇ ਤੇ ਜਿੱਥੇ ਲੱਖਾਂ ਰੁਪਏ ਦਾ ਨਗਦ ਚੜਾਵਾ ਚੜਦਾ ਹੈ ਉਥੇ ਹੀ ਸੰਗਤ ਵੱਲੋਂ ਹਜ਼ਾਰਾਂ ਬੋਰੀਆਂ ਕਣਕ ਦੀਆਂ ਦਾ ਵੀ ਚੜਾਵਾ ਚੜਦਾ ਹੈ। ਇਸ ਦੇ ਨਾਲ ਨਾਲ ਡੇਰੇ ਵਿੱਚ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੱਲੋਂ ਹਰ ਸਾਲ ਸੈਂਕੜੇ ਸ੍ਰੀ ਆਖ਼ੰਡ ਪਾਠ ਸਾਹਿਬ ਜੀ ਦੀ ਸੇਵਾ ਕਰਵਾਉਣ ਨਾਲ ਵੀ ਪ੍ਰਬੰਧਕਾਂ ਨੂੰ ਲੱਖਾਂ ਰੁਪਏ ਦੀ ਸਾਲਾਨਾ ਆਮਦਨ ਹੁੰਦੀ ਹੈ। ਹਰ ਦਿਨ ਹੀ ਇੱਥੇ ਸੈਂਕੜੇ ਹਜ਼ਾਰਾਂ ਸੰਗਤਾਂ ਮੱਥਾ ਟੇਕਣ ਪਹੁੰਚਦੀਆਂ ਹਨ।
![]()
