ਅੱਜ ਦਾ ਵਿਚਾਰ (20 ਅਪ੍ਰੈਲ ) ਗਾਇਕ ਨੂੰ ਚੁੱਪ ਰਹਿਣ ਵਾਸਤੇ ਮਜ਼ਬੂਰ ਕੀਤਾ ਜਾ ਸਕਦਾ ਹੈ ਪਰ ਗੀਤ ਨੂੰ ਨਹੀਂ।ਅਸੀਂ ਕਬਰਾਂ ‘ਚ ਬਹੁਤ ਸਾਰੇ ਪੱਥਰ ਲੱਗੇ ਵੇਖਦੇ ਹਾਂ,ਉਥੇ ਲੋਕ ਦਫਨ ਹਨ ਪਰ ਗੀਤਾਂ ਦੀਆਂ ਕਬਰਾਂ ਕਿਸਨੇ ਵੇਖੀਆਂ ਹਨ (ਰਸੂਲ ਹਮਜ਼ਾਤੋਵ)।

ਅੱਜ ਦੇ ਦਿਨ : 20-4-1236 ਦਿੱਲੀ ਦੇ ਸੁਲਤਾਨ ਇਲਤਮਸ਼ ਦਾ ਦਿੱਲੀ ਵਿੱਚ ਦਿਹਾਂਤ।1712 ਜਹਾਂਦਰ ਸ਼ਾਹ ਦਿੱਲੀ ਦੀ ਰਾਜ ਗੱਦੀ ਤੇ ਬੈਠਾ।1888 ਯੂ ਪੀ ਦੇ ਮੁਰਾਦਾਬਾਦ ਵਿੱਚ ਗੜੇ ਡਿੱਗਣ ਨਾਲ 246 ਮੌਤਾਂ।1889 ਜਰਮਨੀ ਦੇ ਡਿਕਟੇਟਰ ਅਡੋਲਫ ਹਿਟਲਰ ਦਾ ਆਸਟਰੀਆ ਵਿੱਚ ਜਨਮ।1896 ਵਿੱਚ ਫਿਲਮ ‘ਐਲ ਕੈਪਟਨ’ ਦਾ ਪਹਿਲਾ ਜਨਤਕ ਪਬਲਿਕ ਸ਼ੋਅ।1902 ਨੋਬਲ ਪੁਰਸਕਾਰ ਜੇਤੂ ਜੋੜੀ ਮੇਰੀ ਕਿਉਰੀ ਤੇ ਪੀ ਆਰ ਕਿਉਰੀ ਵਲੋਂ ਰੇਡੀਅਮ ਦੀ ਖੋਜ ਕੀਤੀ ਗਈ।1925 ਗਦਰ ਲਹਿਰ ਦੇ ਸੱਜਣ ਸਿੰਘ ਪੁਖਰਾਣਾ ਫਿਰੋਜਪੁਰ  ਲਾਹੌਰ ਜੇਲ ਵਿੱਚ ਸ਼ਹੀਦ।1939 ਇਨਕਲਾਬੀ ਕਵੀ ਸੰਤ ਰਾਮ ਉਦਾਸੀ ਦਾ ਰਾਏਸਰ (ਬਰਨਾਲਾ) ‘ਚ ਜਨਮ।1946 ਲੀਗ ਆਫ ਨੈਸ਼ਨਜ ਸੰਸਥਾ ਭੰਗ।1954 ਭਾਰਤ ਚੀਨ ਵਿੱਚ ਪੰਚਸ਼ੀਲ ਸਮਝੌਤਾ।1971 ਭਾਰਤ ਨੇ ਆਪਣਾ ਪਹਿਲਾ ਕਿਰਕਿਟ ਟੈਸਟ ਮੈਚ ਜਿੱਤਿਆ। 1997 ਇੰਦਰ ਕੁਮਾਰ ਗੁਜਰਾਲ ਦੇਸ਼ ਦੇ 12ਵੇਂ ਪ੍ਰਧਾਨ ਮੰਤਰੀ ਬਣੇ।*ਸੰਤ ਰਾਮ ਉਦਾਸੀ* ਕਿਰਤੀ ਕਿਸਾਨਾਂ ਦੀ ਰੋਹ ਭਰੀ ਅਵਾਜ਼ ਸੀ,ਜਦ ਉਹ ਬਿਨਾਂ ਸਾਜ਼ਾਂ ਤੋਂ ਆਪਣੀ ਕਮਾਈ ਹੋਈ ਅਵਾਜ਼ ਨਾਲ ਗਾਉਂਦਾ ਤਾਂ ਸਰੋਤਿਆਂ ਵਿੱਚ ਜੋਸ਼,ਸਨਸਨੀ ਤੇ ਜਮਾਤੀ ਨਫਰਤ ਦੀਆਂ ਤੇਜ ਤਰੰਗਾਂ ਛੇੜ ਦਿੰਦਾ।ਇਕ ਦੇਸ਼ ਭਗਤ, ਇਕ ਕਮਿਉਨਿਸਟ,ਇਕ ਸੱਚਾ ਲੋਕ ਦਰਦੀ ਕਵੀ,ਗੀਤਕਾਰ ਤੇ ਗਾਇਕ ਸੀ।ਉਸਦੀ ਕਲਮ ਦੁਆਰਾ ਸਿਰਜੇ ‘ਲਹੂ ਭਿਜੇ ਬੋਲ’ ,’ਸੈਨਤਾਂ’ ਤੇ ‘ਚੋਂ ਨੁਕਰੀਆਂ ਸੀਖਾਂ’ ਕਾਵਿ ਸੰਗ੍ਰਿਹ ਹਨ।ਇਕ ਅਤਿ ਗਰੀਬ,ਦਲਿਤ ਪਰਿਵਾਰ ਵਿੱਚ ਜੰਮੇ ਉਦਾਸੀ ਨੂੰ ਬਾਲਪੁਣੇ ਤੋਂ ਸਿਰਫ ਆਰਥਿਕ ਔਕੜਾਂ ਦਾ ਹੀ ਸਾਹਮਣਾ ਨਹੀਂ ਕਰਨਾ ਪਿਆ,ਸਗੋਂ ਜਾਤੀ ਭੇਦ ਅਤੇ ਛੂਤ-ਛਾਤ ਦੇ ਤਿੱਖੇ ਸਮਾਜੀ ਡੰਗਾਂ ਨੂੰ ਵੀ ਜਰਨਾ ਪਿਆ,ਅੰਤਾਂ ਦੀਆਂ ਦੁਸ਼ਾਵਰੀਆਂ ਦੇ ਬਾਵਜੂਦ ਆਪਣੀ ਜਿੰਦਗੀ ਦੀ ਵਾਂਗ ਹੱਥੋਂ ਖਿਸਕਣ ਨਹੀਂ ਦਿਤੀ।ਉਹ ਉਨਾਂ ਗਿਣੇ ਚੁਣੇ ਲੋਕਾਂ ‘ਚੋਂ ਸੀ,ਜੋ ਸਮੇਂ ਦੀ ਉਂਗਲੀ ਲਾ ਕੇ ਤੁਰਦੇ ਹਨ।ਸਮੇਂ ਦੇ ਰੋਹੜ ਵਿੱਚ ਜਿੰਨਾਂ ਦੇ ਪੈਰ ਲੜਖੜਾਉਂਦੇ ਨਹੀਂ, ਸਗੋਂ ਚੇਤਨਤਾ,ਸੂਝ ਤੇ ਦਿਰੜਤਾ ਆਸਰੇ ਸਮੇਂ ਦੇ ਵਹਿਣ ਨੂੰ ਲੋਕਾਂ ਦੀ ਲੋੜ ਅਨੁਸਾਰ ਮੌੜਾ ਦੇਣ ਦੀ ਹਿੰਮਤ ਰੱਖਦੇ ਹਨ।ਉਸਨੇ ਸ਼ਲਾਖੋਵ,ਗੋਰਕੀ, ਜੂਲੀਅਸ ਫਿਉਚਿਕ ਆਦਿ ਲੇਖਕਾਂ ਨੂੰ ਪੜਿਆ ਤੇ ਜਸਵੰਤ ਕੰਵਲ,ਸੰਤੋਖ ਸਿੰਘ ਧੀਰ,ਮੋਹਨ ਸਿੰਘ ਤੋਂ ਪ੍ਰਭਾਵਤ ਹੋ ਕੇ ਕਵਿਤਾਵਾਂ ਤੇ ਗੀਤ ਲਿਖਣੇ ਸ਼ੁਰੂ ਕੀਤੇ।ਉਸਦੇ ਸ਼ਬਦਾਂ ‘ਚ *ਸਭ ਤੋਂ ਪਹਿਲਾਂ ਮੈਂ ਆਪਣੀਆਂ ਕਵਿਤਾਵਾਂ ‘ਚ ਅਧਿਆਤਮਕਵਾਦ ਲਿਆਂਦਾ ਅਧਿਆਤਮਕਵਾਦ ਤੋਂ ਮਗਰੋਂ ਮੈਂ ਮਾਰਕਸੀ ਫਲਸਫੇ ਨੂੰ ਘੋਖਿਆ ਤੇ ਮੈਨੂੰ ਲੱਗਾ ਕਿ ਅਧਿਆਤਮਕਵਾਦ ਬਾਰੇ ਮੇਰੇ ਗੀਤ ਕਿਰਤੀ ਲੁੱਟ ਨੂੰ ਖਤਮ ਕਰਨ ਵਿਚ ਸਹਾਈ ਨਹੀ ਹੋ ਸਕਦੇ* ਉਸਦੇ ਇਨਕਲਾਬੀ ਗੀਤ ਜੁਲਮ ਨਾ ਸਹਾਰਨ ਦੀ ਪ੍ਰੇਰਣਾ ਦੇ ਕੇ ਲੋਕਾਂ ਨੂੰ ਯੁੱਧ ਲਈ ਤਿਆਰ ਕਰਦੇ ਹਨ।ਸੰਤ ਰਾਮ ਉਦਾਸੀ ਨੇ ਪੰਜਾਬ ਦੇ ਹਰ ਕੋਨੇ ਵਿੱਚ ਹੀ ਨਹੀਂ ਸਗੋਂ ਇੰਗਲੈਂਡ ਜਾ ਕੇ ਆਪਣੀ ਅਵਾਜ਼ ਬੁਲੰਦ ਕੀਤੀ।6 ਨਵੰਬਰ 1986 ਨੂੰ ਸਦਾ ਲਈ ਆਪਣੀ ਅਵਾਜ਼ ਵਿੱਚ ਕੀਮਤੀ ਗੀਤਾਂ ਦਾ ਸਰਮਾਇਆ ਛੱਡ ਕੇ ਚਲੇ ਗਏ।ਲੋੜ ਹੈ ਉਸਦੀ ਅਵਾਜ਼ ਵਾਲੇ ਗੀਤਾਂ ਦੀ ਆਡੀਉ ਤੇ ਕੈਸਟਾਂ ਅੱਜ ਵੀ ਸਟੇਜਾਂ,ਕਾਰਾਂ ਗੱਡੀਆਂ ਵਿੱਚ ਗੂੰਜਦੀਆਂ ਰਹਿਣ।ਸੰਤ ਰਾਮ ਉਦਾਸੀ ਦੇ ਕੁਝ ਗੀਤਾਂ ਦੀਆਂ ਲਾਈਨਾਂ (1)ਦੇਸ਼ ਹੈ ਪਿਆਰਾ ਸਾਨੂੰ ਜਿੰਦਗੀ ਪਿਆਰੀ ਨਾਲੋਂ,ਦੇਸ਼ ਤੋਂ ਪਿਆਰੇ ਇਹਦੇ ਲੋਕ ਹਾਣੀਆ,ਅਸੀਂ ਤੋੜ ਦੇਣੀ ਲਹੂ ਪੀਣੀ ਜੋਕ ਹਾਣੀਆ।(2) ਮਾਲਾ ਵਿੱਚ ਕਰਾਮਾਤ ਨਾ,ਨਵੇਂ ਯੁੱਗ ਦੇ ਲੋਕ ਇਹ ਆਂਹਦੇ,ਕਰਾਮਾਤ ਕਾਮਿਆਂ ਦੀ,ਜਿਹੜੇ ਮਿੱਟੀ ਵਿੱਚੋਂ ਸੋਨਾ ਉਗਾਉਂਦੇ।(3) ਇਕ ਤਲਵਾਰ ਮੇਰੀ ਡੋਲੀ ਵਿੱਚ ਰੱਖ ਦਿਉ,ਹੋਰ ਵੀਰੋ ਦਿਉ ਨਾ ਦਾਜ।(4)ਲੋਕੀ ਕਹਿੰਦੇ ਪੁੱਤ ਬਿਨਾ ਜਗ ‘ਚ ਮਿਲਾਪ ਨੀ,ਮੈਂ ਤਾਂ ਕਹਾਂ ਜਿਹਦੇ ਧੀ ਨੀ ਉਹ ਤਾਂ ਸਹੀ ਬਾਪ ਨੀ।(5) ਜੋ ਤੇਰੀ ਦਸਤਾਰ ਨੂੰ ਪੈਂਦੇ, ਤੋੜ ਦੇਈਂ ਉਹ ਗੁੱਟ ਵੇ।ਉਠ ਕਿਰਤੀਆ ਉਠ ਵੇ ਉਠਣ ਦਾ ਵੇਲਾ,ਜੜ ਵੈਰੀ ਦੀ ਪੁੱਟ ਵੇ ਪੁੱਟਣ ਦਾ ਵੇਲਾ।(6)ਮਾਂ ਧਰਤੀਏ ! ਤੇਰੀ ਗੋਦ ਨੂੰ ਚੰਨ ਹੋਰ ਬਥੇਰੇ,ਤੂੰ ਮੱਘਦਾ ਰਹੀ ਸੂਰਜਾ ਕੰਮੀਆਂ ਦੇ ਵਿਹੜੇ।(7)ਅਸੀਂ ਜੜ ਨਾ ਜੁਲਮ ਦੀ ਛੱਡਣੀ ਤੇ ਭਾਂਵੇ ਸਾਡੀ ਜੜ ਨਾ ਰਹੇ।(8) ਸੁਣੋ ਸੁਣਾਵਾਂ ਹਾਲ ਭਾਰਤ ਦੀ ਬਰਬਾਦੀ ਦਾ।(9)ਐਵੇ ਭਰਮ ਹੈ ਸਾਡੇ ਕਾਤਲਾਂ ਨੂੰ,ਅਸੀਂ ਹੋਵਾਂਗੇ ਦੋ ਜਾਂ ਚਾਰ ਲੋਕੋ,ਬਦਲੇ ਲਏ ਤੋਂ ਵੀ ਮੁਕਣੀ ਨਹੀ,ਐਨੀ ਲੰਮੀ ਹੈ ਸਾਡੀ ਕਤਾਰ ਲੋਕੋ।(10) ਮੇਰੀ ਮੌਤ ‘ਤੇ ਨਾ ਰੋਇਉ, ਮੇਰੀ ਸੋਚ ਨੂੰ ਬਚਾਇਉ।(11) ਲੋਕੋ ਬਾਜ ਆ ਜਾਉ ਝੂਠੇ ਲੀਡਰਾਂ ਤੋਂ,ਇਨਾਂ ਦੇਸ ਦਾ ਕੁਝ ਵੀ ਛਡਿਆ ਨਹੀ,ਇਨਾਂ ਤੁਹਾਨੂੰ ਵੇਚ ਕੇ ਖਾ ਛੱਡਣਾ।ਅਸੀ ਆਪਣਾ ਸਮਝ ਕੇ ਵੋਟ ਪਾਈ,ਇਨਾਂ ਵੋਟ ਦਾ ਸਿਲਾ (ਮੁਲ) ਵੀ ਤਾਰਿਆ ਨਾ।ਸਾਨੂੰ ਮਹਿੰਗ ਉਬਾਲਿਆ ਦੁੱਧ ਵਾਂਗੂ, ਇਨਾਂ ਪਾਣੀ ਦਾ ਛਿਟਾ ਵੀ ਮਾਰਿਆ ਨਾ।ਇਹ ਦੇਸ ਦੀ ਪੂੰਜੀ ਨੂੰ ਨਾਗ ਬਣ ਕੇ,ਆਪੂੰ ਸਾਂਭ ਜਾਂਦੇ ਆਪੂੰ ਖਟ ਜਾਂਦੇ।ਵਾਅਦੇ ਕਰਦੇ ਕੱਚੇ ਮਹਿਬੂਬ ਵਾਂਗੂ,ਆਪੇ ਥੁੱਕ ਜਾਂਦੇ ਆਪੇ ਚੱਟ ਜਾਂਦੇ।ਕੁੱਤੇ ਜਿਹੀ ਨਾ ਇਨਸਾਨ ਦੀ ਕਦਰ ਇਥੇ,ਅਗੋਂ ਮੰਗਦੇ ਸਾਡੇ ਤੋਂ ਵਫਾਦਾਰੀ।ਜਾਂ ਤਾਂ ਅਸੀਂ ਰਹਾਂਗੇ ਦੇਸ ਅੰਦਰ,ਜਾਂ ਰਹੇਗੀ ਇਹ ਸਰਮਾਏਦਾਰੀ।ਅਸੀਂ ਆਪਣੇ ਢਿਡਾਂ ਦੀ ਮੰਗ ਲੈ ਕੇ,ਨਿਤਰ ਆਏ ਹਾਂ ਏਕੇ ਦੀ ਲਾਮ ਉਤੇ।ਲਾਰੇ ਵੇਖ ਕੇ ਇਨਾਂ ਮੂੰਹ ਸਾਹਿਬਾਂ ਦੇ,ਨੀਝ ਰਖੀ ਹੈ ਸੰਗਰਾਮ ਉਤੇ।ਜੇਕਰ ਅੱਜ ਨਾ ਹੱਕਾਂ ਦੀ ਗਲ ਕੀਤੀ,ਸਾਡੇ ਬੱਚਿਆਂ ਦੇ ਇਹਨਾਂ ਚੋਹਲ ਜਲਦੇ।ਖੇਤਾਂ ਵਿੱਚ ਕਿਸਾਨਾਂ ਦੇ ਬੋਹਲ ਜਲਦੇ,ਮੇਰੇ ਗੀਤ ਜਲਦੇ,ਮੇਰੇ ਘੋਲ ਜਲਦੇ। *ਮੁਖਵਿੰਦਰ ਸਿੰਘ ਚੋਹਲਾ।*

Loading

Leave a Reply