ਅੱਜ ਦਾ ਵਿਚਾਰ (30 ਅਪ੍ਰੈਲ)ਬਹਾਦਰਾਂ ਵਿੱਚ ਨਿਆਂ ਅਤੇ ਅਣਖ ਲਈ ਲੜਨ,ਮਰਨ ਅਤੇ ਜਾਬਰ ਨੂੰ ਲਲਕਾਰਨ ਦੀ ਦਲੇਰੀ ਹੁੰਦੀ ਹੈ।ਇਸੇ ਕਰਕੇ ਦੁਨੀਆਂ ਉਨਾਂ ਨੂੰ ਸੁਣਦੀ,ਵੇਖਦੀ,ਮੰਨਦੀ ਤੇ ਸਲਾਹਉਂਦੀ ਹੈ।


ਅੱਜ ਦੇ ਦਿਨ : 30-4-1789 ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਜਾਰਜ ਵਾਸ਼ਗਿੰਟਨ ਨੇ ਆਹੁਦਾ ਸੰਭਾਲਿਆ।1837 ਜਮਰੌਦ ਦੇ ਕਿਲੇ ਵਿੱਚ ਹਰੀ ਸਿੰਘ ਨਲੂਆ ਦੀ ਸ਼ਹੀਦੀ।1853 ਔਫਥੋਲੈਮਜੀ ਦੇ ਗਾਮਾ ਪਿੰਟੋ ਦਾ ਜਨਮ।1870 ਭਾਰਤੀ ਸਿਨੇਮਾ ਦੇ ਜਨਮ ਦਾਤਾ ਦਾਦਾ ਸਾਹਿਬ ਫਾਲਕੇ ਦਾ ਜਨਮ।1945 ਜਰਮਨੀ ਦੇ ਡਿਕਟੇਟਰ ਅਡੋਲਫ ਹਿਟਲਰ ਨੇ ਦੂਜੀ ਸੰਸਾਰ ਜੰਗ ਵਿੱਚ ਰੂਸ ਹੱਥੋਂ ਹੋਈ ਕਰਾਰੀ ਹਾਰ ਤੋਂ ਬਾਅਦ ਨਮੋਸ਼ੀ ਨਾਲ ਬਰਲਿਨ ਵਿੱਚ ਆਤਮ ਹੱਤਿਆ ਕੀਤੀ।1962 ਪੰਜਾਬੀ ਯੂਨੀਵਰਸਟੀ ਪਟਿਆਲਾ ਦੀ ਸਥਾਪਨਾ ਹੋਈ।1975 ਵੀਅਤਨਾਮੀ ਲੋਕਾਂ ਨੇ ਬਿਨਾਂ ਰਵਾਇਤੀ ਹਥਿਆਰਾਂ ਤੇ ਸਿਖਲਾਈ ਤੋਂ ਅਮਰੀਕੀ ਫੌਜਾਂ ਨੂੰ ਭਜਾਇਆ।
ਜਰਨੈਲ ਹਰੀ ਸਿੰਘ ਨਲੂਆ :ਆਸਟ੍ਰੇਲੀਆ ਦੇ ਮਸ਼ਹੂਰ ਮੈਗਜ਼ੀਨ ‘ਬਿਲਨੀਅਰ’ ਦੇ 14-7- 2014 ਅੰਕ ਵਿੱਚ ਵਿਸ਼ਵ ‘ਚ ਹੁਣ ਤੱਕ ਹੋਏ ਮਹਾਨ ਦਸ ਜਰਨੈਲਾਂ ਵਿੱਚੋਂ ਪਹਿਲੇ ਨੰਬਰ ਤੇ ਹਰੀ ਸਿੰਘ ਨਲੂਆ ਦਾ ਨਾਂ ਆਉਂਦਾ ਹੈ।ਉਨਾਂ ਤੋਂ ਬਾਅਦ 2 ਚੰਗੇਜ਼ ਖਾਨ (ਮੰਗੋਲੀਆ)।3 ਸਿੰਕਦਰ ਮਹਾਨ (ਯੂਨਾਨ) 4 ਆਟੀਲਾ ਹੂਣ (ਕਜਾਖਸਤਾਨ) 5 ਜੂਲੀਅਸ ਸ਼ੀਜਰ (ਰੋਮਨ ਸੈਨਾਪਤੀ) 6 ਸਾਈਰਸ ਮਹਾਨ (ਈਰਾਨ) 7 ਫਰਾਂਸਿਸਕੋ ਪਿਜੈਰੋ (ਸਪੇਨ) 8 ਨੈਪੋਲੀਅਨ ਬੋਨਾਪਾਰਟ (ਫਰਾਂਸ) 9 ਹਾਨੀਬਲ ਬਰਕਾ (ਟਿਉਨੇਸ਼ੀਆ)10 ਤੈਮੂਰ ਲਿੰਗ (ਉਜੈਬਕਸਤਾਨ)।ਸਰਦਾਰ ਹਰੀ ਸਿੰਘ ਨਲੂਏ ਦਾ ਜਨਮ 1791 ਨੂੰ ਗੁਜਰਾਂਵਾਲਾ ਵਿਖੇ ਸ਼ੁਕਰ ਚੱਕੀਆ ਮਿਸਲ ਦੇ ਸਰਦਾਰ ਗੁਰਦਿਆਲ ਸਿੰਘ ਉਪਲ ਖੱਤਰੀ ਦੇ ਘਰ ਮਾਤਾ ਧਰਮ ਕੌਰ ਦੀ ਕੁਖੋਂ ਹੋਇਆ। ਲਾਹੌਰ ਵਿੱਚ 1805 ਨੂੰ ਬਸੰਤ ਪੰਚਮੀ ਤੇ ਲਗੇ ਦਰਬਾਰ ਵਿੱਚ ਮਹਾਰਾਜਾ ਰਣਜੀਤ ਸਿੰਘ ਨੌਜਵਾਨਾਂ ਦੇ ਵਿਖਾਏ ਜਾ ਰਹੇ ਬਹਾਦਰੀ ਦੇ ਕਰਤਬਾਂ ਵਿੱਚ ਹਰੀ ਸਿੰਘ ਤੋਂ ਬਹੁਤ ਪ੍ਰਭਾਵਤ ਹੋ ਕੇ ਉਸਨੂੰ ਆਪਣੇ ਨਾਲ ਹੀ ਖਿਦਮਤਗਾਰ ਨਿਯੁਕਤ ਕਰ ਲਿਆ।ਇਕ ਵਾਰ ਜਦੋਂ ਮਹਾਰਾਜਾ ਜੰਗਲ ਵਿੱਚ ਸ਼ਿਕਾਰ ਕਰਨ ਜਾ ਰਹੇ ਸਨ ਤਾਂ ਇਕ ਸ਼ੇਰ ਨੇ ਅਚਾਨਕ ਹਰੀ ਸਿੰਘ ਤੇ ਝਪਟਾ ਮਾਰ ਕੇ ਉਸਨੂੰ ਘੋੜੇ ਤੋਂ ਹੇਠਾਂ ਸੁੱਟ ਲਿਆ।ਇਸ ਬਹਾਦਰ ਯੋਧੇ ਨੇ ਦੋਹਾਂ ਹੱਥਾਂ ਨਾਲ ਸ਼ੇਰ ਨੂੰ ਜਬਾੜੇ ਤੋਂ ਫੜ ਕੇ ਜੋਰ ਦੀ ਪਰੇ ਸੁੱਟ ਦਿੱਤਾ ਇਸ ਤੋਂ ਪਹਿਲਾਂ ਕੇ ਸ਼ੇਰ ਹਮਲਾ ਕਰਦਾ ਹਰੀ ਸਿੰਘ ਨੇ ਤਲਵਾਰ ਕਢ ਕੇ ਸ਼ੇਰ ਦਾ ਸਿਰ ਧੜ ਤੋਂ ਵੱਖ ਕਰ ਦਿਤਾ। ਮਹਾਰਾਜਾ ਨੇ ਖੁਸ਼ ਹੋ ਕੇ ਕਿਹਾ,”ਅੱਜ ਤੋਂ ਤੂੰ ਸਾਡਾ ‘ਨਲਵਾ’ ਸਰਦਾਰ ਹੀ ਹੈ।” ਉਸਨੂੰ ਸ਼ੇਰ ਦਿਲ ਰੈਜਮੈਂਟ ਦਾ ਸਰਦਾਰ-ਏ-ਆਲਾ ਨਿਯੁਕਤ ਕਰ ਦਿੱਤਾ। ਆਪਣੀ ਯੋਗਤਾ ਤੇ ਅਦੁੱਤੀ ਕਾਰਨਾਂ ਕਰਕੇ ਖਾਲਸਾ ਫੌਜ ਦੇ ਆਹੁਦੇ “ਕਮਾਂਡਰ-ਇਨ- ਚੀਫ” ਤੇ ਪਹੁੰਚੇ। ਉਨਾਂ ਨੇ ਕਸੂਰ, ਮੁਲਤਾਨ,ਮਿਠੀ ਟਵਾਣੇ ਦੀ ਗੜੀ, ਮੁੰਘੇਰ, ਅਟਕ,ਕਸ਼ਮੀਰ ਤੇ ਜਿੱਤਾਂ ਪ੍ਰਾਪਤ ਕੀਤੀਆਂ ਤੇ ਹਜ਼ਾਰੇ ਦੀ ਬਗਾਵਤ ਨੂੰ ਦਬਾਇਆ।ਅਟਕ ਦੀ ਜਿੱਤ ਤੋਂ ਬਾਅਦ ਅਫਗਾਨੀ ਇਸਤਰੀਆਂ (ਪਠਾਣੀਆਂ) ਆਪਣੇ ਬੱਚਿਆਂ ਨੂੰ ਚੁੱਪ ਕਰਾਉਣ ਲਈ “ਚੁਪ ਸ਼ਾ,ਹਰੀਆ ਰਾਂਗਲੇ” (ਭਾਵ ਹਰੀ ਸਿੰਘ ਨਲੂਆ ਆ ਗਿਆ) ਕਹਿੰਦੀਆਂ ਸਨ।ਆਪ ਕਸ਼ਮੀਰ,ਪਿਸ਼ਾਵਰ ਤੇ ਹਜ਼ਾਰਾ ਦੇ ਗਵਰਨਰ ਬਣੇ। ਉਨਾਂ ਨੇ ਆਪਣੇ ਨਾਂ ਤੇ ਸਿੱਕੇ ਵੀ ਜਾਰੀ ਕੀਤੇ ਜੋ ਬਾਅਦ ਵਿੱਚ ਕਈ ਸਾਲ ਚਲਦੇ ਰਹੇ,ਕਸ਼ਮੀਰ ਵਿੱਚ ਸਰਕਾਰੀ ਸਹਾਇਤਾ ਨਾਲ ਦਸਤਕਾਰੀ ਦਾ ਕੰਮ ਤੇ ਕੇਸਰ ਦੀ ਫਸਲ ਲਈ ਮਦਦ ਕਰਕੇ ਦੁਬਾਰਾ ਵਪਾਰ ਸ਼ੁਰੂ ਕਰਵਾਇਆ।ਪਿਸ਼ਾਵਰ ਵਿੱਚ ਖੂਹ,ਨਹਿਰਾਂ ਕਢਾਈਆਂ ਤੇ ਹਿੰਦੂਆਂ ਤੋਂ ਜਜੀਆ ਹਟਾਇਆ।ਜਮਰੌਦ ਤੇ ਹੋਰ ਕਿਲੇ ਬਣਾਏ। 27 ਅਪ੍ਰੈਲ 1937 ਨੂੰ ਤੀਹ ਹਜ਼ਾਰ ਅਫਗਾਨੀ ਫੌਜ ਨੇ ਜਮਰੌਦ ਦੇ ਕਿਲੇ ਤੇ ਕਬਜਾ ਕਰਨ ਲਈ ਹਮਲਾ ਕਰ ਦਿਤਾ।ਉਸ ਸਮੇ ਹਰੀ ਸਿੰਘ ਨਲੂਏ ਦੀ ਸਿਹਤ ਠੀਕ ਨਾ ਹੋਣ ਕਰਕੇ ਸਿੱਖ ਫੌਜ (ਇਕ ਹਜ਼ਾਰ)ਦੀ ਅਗਵਾਈ ਸਰਦਾਰ ਮਹਾਂ ਸਿੰਘ ਕਰ ਰਿਹਾ ਸੀ।ਉਸਦੇ ਸੁਨੇਹੇ ਤੇ ਹਰੀ ਸਿੰਘ ਨੂੰ ਆਪ ਜਾਣਾ ਪਿਆ ਜਿਸ ਕੋਲ ਛੇ ਹਜਾਰ ਫੌਜ ਸੀ।ਜੰਗ ਦੀ ਤਿਆਰੀ ਬਾਰੇ ਮਹਾਰਾਜੇ ਨੂੰ ਖਬਰ 26 ਨੂੰ ਭੇਜੀ ਗਈ ਪਰ ਧਿਆਨ ਸਿੰਘ ਨੇ ਅੱਗੇ ਨਾ ਦਿਤੀ। 30 ਤੱਕ ਲਾਹੌਰ ਤੋਂ ਕੋਈ ਜੁਆਬ ਨਹੀਂ ਮਿਲਿਆ।ਇਸ ਹਮਲੇ ਵਿੱਚ 30 ਅਪ੍ਰੈਲ ਨੂੰ ਹਰੀ ਸਿੰਘ ਨਲਵੇ ਦੇ ਦੋ ਗੋਲੀਆਂ ਛਾਤੀ ਤੇ ਵੱਖੀ ਵਿੱਚ ਵਜੀਆਂ।ਮਰਨ ਤੋਂ ਪਹਿਲਾਂ ਮਹਾਂ ਸਿੰਘ ਨੂੰ ਕਿਹਾ ਕਿ “ਲਾਹੌਰ ਤੋਂ ਫੌਜ ਆਉਣ ਤਕ ਮੇਰੀ ਮੌਤ ਨੂੰ ਗੁਪਤ ਰੱਖ ਕੇ ਲੜਿਆ ਜਾਵੇ।” ਹਰੀ ਸਿੰਘ ਤੇ ਉਨਾਂ ਤੋਂ ਬਾਅਦ ਤੇ ਅੱਜ ਵੀ ਇਸ ਪਰਿਵਾਰ ਵਾਲੇ ਨਾਂ ਨਾਲ ਆਪਣੀ ‘ਗੋਤ’ ਉਪਲ ਨਹੀਂ ਲਾਉਂਦੇ ਸਗੋਂ ‘ਨਲਵਾ’ ਹੀ ਲਿਖਦੇ ਹਨ।

ਹਿੰਦੋਸਤਾਨ ਦੇ ਸਿਨੇਮੇ ਦੇ ਪਿਤਾਮਾ ਦਾਦਾ ਸਾਹਿਬ ਫਾਲਕੇ ਦਾ ਪੂਰਾ ਨਾਂ ਧੁੰਦੀ ਰਾਜ ਗੋਵਿੰਦਾ ਸੀ ਉਸ ਦੀ ਪਹਿਲੀ ਖਾਮੋਸ਼ ਫਿਲਮ ਰਾਜਾ ਹਰੀਸ਼ ਚੰਦਰ 3/5/1913 ਨੂੰ ਮੁੰਬਈ ਦੇ ਕੋਰੋਨੇਸ਼ਨ ਥੀਏਟਰ ਵਿੱਚ ਲੱਗੀ ।ਉਸਦਾ ਜਨਮ 30/4/1870 ਨੂੰ ਨਾਸਿਕ ਵਿੱਚ ਹੋਇਆ।ਬੰਬੇ ਤੋਂ ਨਾਟਕ ਤੇ ਫੋਟੋਗਰਾਫੀ ਸਿੱਖਣ ਤੋਂ ਬਾਅਦ ਜਰਮਨੀ ਤੋ ਫਿਲਮ ਨਿਰਮਾਣ ਸਿੱਖਿਆ।ਦਾਦਾ ਸਾਹਿਬ ਫਾਲਕੇ ਨੇ ਫਿਲਮ ਕੰਪਨੀ ਬਣਾ ਕੇ ਕਈ ਫਿਲਮਾਂ ਬਣਾਈਆਂ।16/2/1944 ਨੂੰ ਦਿਹਾਂਤ ਹੋ ਗਿਆ।ਭਾਰਤ ਸਰਕਾਰ ਨੇ 1971 ਵਿੱਚ ਡਾਕ ਟਿਕਟ ਜਾਰੀ ਕੀਤਾ ਤੇ 1969 ਤੋਂ ਹਰ ਸਾਲ ਹਿੰਦੀ ਸਿਨੇਮੇ ਵਿੱਚ ਕਿਸੇ ਨਾਮੀ ਕਲਾਕਾਰ ਨੂੰ ‘ਦਾਦਾ ਸਾਹਿਬ ਫਾਲਕੇ ਰਾਸ਼ਟਰੀ ਪੁਰਸਕਾਰ’ ਦਿੱਤਾ ਜਾਂਦਾ ਹੈ।

ਮੁਖਵਿੰਦਰ ਸਿੰਘ ਚੋਹਲਾ

Loading

Leave a Reply