ਅੱਜ ਦਾ ਵਿਚਾਰ (28 ਮਈ ) ਜਿਵੇਂ ਹਰ ਕਿਸੇ ਵਿੱਚ ਸੱਚ ਬੋਲਣ ਦੀ ਹਿੰਮਤ ਨਹੀ ਹੁੰਦੀ,ਉਵੇਂ ਹੀ ਹਰ ਇਕ ਵਿੱਚ ਸੱਚ ਸੁਣਨ ਦੀ ਹਿੰਮਤ ਨਹੀ ਹੁੰਦੀ

ਸਿਆਣਾ ਆਦਮੀ ਉਹੋ ਹੁੰਦਾ ਹੈ ਜਦ ਦੂਸਰੇ ਬੋਲ ਰਹੇ ਹੋਣ ਤਾਂ ਉਹ ਨਹੀਂ ਬੋਲਦਾ,ਦੂਜਾ ਉਹ ਵੀ ਸਿਆਣਾ ਹੈ ਜਦ ਕੋਈ ਵੀ ਨਾ ਬੋਲਦਾ ਹੋਵੇ ਤਾਂ ਉਹ ਚੁੱਪ ਨਹੀਂ ਰਹਿੰਦਾ।
ਅੱਜ ਦੇ ਦਿਨ : 28-5-1930 ਕ੍ਰਾਂਤੀਕਾਰੀ ਭਗਵਤੀ ਚਰਨ ਵੋਹਰਾ ਦੀ ਬੰਬ ਦੀ ਪਰਖ ਸਮੇਂ ਬੰਬ ਦੇ ਫਟਣ ਨਾਲ ਸ਼ਹੀਦੀ।1933 ਨੌਜਵਾਨ ਭਾਰਤ ਸਭਾ ਦੇ ਮੋਹਿਤ ਮੋਇਤਰਾ ਬਿਹਾਰ ਦੀ ਅਣਮਨੁੱਖੀ ਤਸ਼ੱਦਦ ਵਿਰੁੱਧ ਰੱਖੀ ਭੁੱਖ ਹੜਤਾਲ ਕਾਰਨ ਅੰਡੇਮਾਨ ਨਿਕੋਬਾਰ ਵਿੱਚ ਸ਼ਹੀਦੀ।1959 ਦੋ ਅਮਰੀਕੀ ਬਾਂਦਰਾਂ ਨੇ ਪੁਲਾੜ ਵਿੱਚ ਸਫਲ ਯਾਤਰਾ ਕੀਤੀ।1961ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਨ ਵਾਲੀ ਸੰਸਥਾ ਦੀ ਸਥਾਪਨਾ ਹੋਈ।1964 ਪੀ ਐਲ ਓ (ਫਲਸਤੀਨ ਲਿਬਰੇਸ਼ਨ ਆਰਗੇਨਾਈਜੇਸ਼ਨ)ਬਣੀ।1965 ਧੰਨਬਾਦ ਬਿਹਾਰ ਵਿੱਚ ਕੋਲਾ ਖਾਣ ਵਿੱਚ ਹੋਏ ਧਮਾਕੇ ਨਾਲ 268 ਮੌਤਾਂ।1998 ਪਾਕਿਸਤਾਨ ਨੇ ਜ਼ਮੀਨ ਥੱਲੇ ਪਹਿਲਾ ਪ੍ਰਮਾਣੂ ਪ੍ਰੀਖਣ ਕੀਤਾ।2003 ਪਹਿਲੀਵਾਰ ਕਲੋਨ ਵਿਧੀ ਨਾਲ ਘੋੜੇ (ਸਤਨਧਾਰੀ ਜੀਵ) ਦਾ ਜਨਮ ਹੋਇਆ।2008 ਨੇਪਾਲ ਵਿੱਚ 240 ਸਾਲ ਤੋਂ ਚਲੀ ਆ ਰਹੀ ਰਾਜਸ਼ਾਹੀ ਖਤਮ ਹੋਈ।
-ਇਨਕਲਾਬੀ ਸ਼ਹੀਦ, ਪ੍ਰਚਾਰਕ,ਜਥੇਬੰਦਕ ਭਗਵਤੀ ਚਰਨ ਵੋਹਰਾ ਦਾ ਜਨਮ 4 ਜੁਲਾਈ 1904 ਨੂੰ ਲਾਹੌਰ ਵਿਖੇ ਹੋਇਆ।ਪਾਰਟੀ ਵਿੱਚ ਸਰਗਰਮ ਦੁਰਗਾ ਦੇਵੀ (ਭਾਬੀ) ਉਨਾਂ ਦੀ ਜੀਵਨ ਸਾਥਣ ਤੇ ਬੱਚਾ ਸਚਿੰਦਰ ਵੋਹਰਾ ਸੀ।ਭਗਵਤੀ ਚਰਨ ਵੋਹਰਾ ਇੱਕ ਅਮੀਰ ਘਰ ਵਿੱਚ ਜੰਮ ਕੇ ਵੀ ਆਪਣੀ ਜ਼ਿੰਦਗੀ ਕਿਰਤੀ ਲੋਕਾਂ ਦੇ ਨਾਮ ਲਾਉਣ ਵਾਲ਼ੇ ਯੋਧੇ ਸਨ।1921-23 ਵਿੱਚ ਸ਼ਹੀਦ ਭਗਤ ਸਿੰਘ, ਸੁਖਦੇਵ ਤੇ ਭਗਵਤੀ ਚਰਨ ਵੋਹਰਾ ਨੈਸ਼ਨਲ ਲਾਹੌਰ ਕਾਲਜ ਦੇ ਵਿਦਿਆਰਥੀ ਸਨ।ਇਹ ਸਾਰੇ ਹੋਸਟਲ ਵਿੱਚ ਰਹਿੰਦੇ ਸਨ।ਵੋਹਰਾ ਆਪਣੀ ਪਤਨੀ ਦੁਰਗਾ ਨਾਲ ਹਵੇਲੀਨੁਮਾ ਕੋਠੀ ਵਿੱਚ ਰਹਿੰਦਾ ਸੀ।ਹੌਲੀ ਹੌਲੀ ਵੇਖਦੇ ਵੇਖਦੇ ਉਹ ਕੋਠੀ ਨੌਜਵਾਨਾਂ,ਇਨਕਲਾਬੀਆਂ,ਸਾਹਿਤਕਾਰਾਂ ਤੇ ਕਲਾਕਾਰਾਂ ਦਾ ਅਠੇ ਪਹਿਰੇ ਖੁੱਲਾ ਮੰਚ ਬਣ ਗਿਆ।ਫਰਾਖਦਿਲੀ ਭਗਵਤੀ ਦੀ ਤੇ ਅਣਥੱਕ ਦੁਰਗਾ ਭਾਬੀ ਦੇ ਸਹਿਯੋਗ ਨਾਲ ਲੰਗਰ ਚਲਦਾ ਰਹਿੰਦਾ।ਉਨਾਂ ਦਿਨਾਂ ਵਿੱਚ ਮਹਾਤਮਾ ਗਾਂਧੀ ਦੀ ਰਾਜਸੀ ਖੇਤਰ ਵਿੱਚ ਚੜਤ ਸੀ।ਇਹ ਸਾਰੇ ਉਨਾਂ ਦੇ ਪਰੋਕਾਰ ਸਨ।ਉਨਾਂ ਦੇ ਸੱਦੇ ਤੇ ਹੀ ਰਵਾਇਤੀ ਕਾਲਜ ਤਿਆਗ ਕੇ ਨੈਸ਼ਨਲ ਕਾਲਜ ਲਾਹੌਰ ਵਿੱਚ ਦਾਖਲ ਹੋਏ ਸਨ।ਪਰ ਜਦੋਂ 1922 ਵਿੱਚ ਚੌਰਾ ਚੌਰੀ ਯੂ ਪੀ ਅੰਦੋਲਨ ਵਿਚੋਂ ਹੀ ਗਾਂਧੀ ਨੇ ਇਕਤਰਫਾ ਫੈਸਲਾ ਲੈ ਕੇ ਵਾਪਸ ਲੈ ਲਿਆ ਤਾਂ ਇਹ ਸਾਰੇ ਘੋਰ ਨਿਰਾਸ਼ਾ ਵਿੱਚ ਡੁੱਬ ਗਏ।ਦੋ ਸਾਲ ਬਾਅਦ ਯੂ ਪੀ ਵਿੱਚ ‘ਹਿੰਦੋਸਤਾਨ ਰੀਪਬਲਿਕਨ ਐਸੋਸੀਏਸ਼ਨ’ ਬਣੀ ਤਾਂ ਇਹ ਸਾਰੇ ਮੁੜ ਸਰਗਰਮ ਹੋ ਗਏ।ਜਥੇਬੰਦੀ ‘ਚ ਉਹ ਸਿਆਸੀ ਲੇਖਣ, ਵਿਗਿਆਨਕ ਸੂਝ ਦੇ ਮਾਮਲੇ ਵਿੱਚ ਆਗੂ ਕਤਾਰ ਵਿੱਚ ਸਨ।ਜਥੇਬੰਦੀ ਦੇ ਅਹਿਮ ਸਿਆਸੀ ਲੇਖਣ ਤੇ ਜਥੇਬੰਦਕ ਕੰਮਾਂ ਵਿੱਚ ਉਹਨਾਂ ਦੀ ਅਹਿਮ ਭੂਮਿਕਾ ਸੀ। ‘ਨੌਜਵਾਨ ਭਾਰਤ ਸਭਾ’ ਦੇ ਐਲਾਨਨਾਮੇ ਦਾ ਮੂਲ ਦਸਤਾਵੇਜ਼ ਭਗਵਤੀ ਚਰਨ ਨੇ ਹੀ ਲਿਖਿਆ ਸੀ।ਵਾਇਸਰਾਏ ਦੀ ਰੇਲ ‘ਤੇ ਬੰਬ ਹਮਲੇ ਤੋਂ ਬਾਅਦ ਗਾਂਧੀ ਵੱਲੋਂ ਇਨਕਲਾਬੀਆਂ ਨੂੰ ਨਿੰਦੇ ਜਾਣ ਦਾ ਜਵਾਬ ਵੀ ਭਗਵਤੀ ਚਰਨ ਨੇ ਹੀ “ਬੰਬ ਦਾ ਫ਼ਲਸਫ਼ਾ” ਲਿਖ ਕੇ ਦਿੱਤਾ। ਇਹ ਲਿਖਤ ਵੀ ਸਿਧਾਂਤਕ ਪੱਖ ਤੋਂ ਬਹੁਤ ਅਹਿਮ ਹੈ।ਬਹੁਤ ਘਟ ਲੋਕਾਂ ਨੂੰ ਪਤਾ ਹੋਵੇਗਾ ਕਿ ਅਸੈਂਬਲੀ ਬੰਬ ਕਾਂਡ ਵਿੱਚ ਭਗਤ ਸਿੰਘ ਅਤੇ ਬੁਟਕੇਸ਼ਵਰ ਦੱਤ ਦੁਆਰਾ ‘ਇਨਕਲਾਬ ਜ਼ਿੰਦਾਬਾਦ- ਸਾਮਰਾਜਵਾਦ ਮੁਰਦਾਬਾਦ’ ਦਾ ਜੋ ਨਾਹਰਾ ਲਾਇਆ ਗਿਆ ਸੀ ਉਹ ਸਾਥੀ ਭਗਵਤੀ ਚਰਨ ਵੱਲੋਂ ਹੀ ਘੜਿਆ ਗਿਆ ਸੀ।ਇਸੇ ਲਈ ਹੀ ਤਾਂ ਉਹਨਾਂ ਦੇ ਇਨਕਲਾਬੀ ਸਾਥੀ ਸ਼ਿਵ ਵਰਮਾ ਨੇ ਆਪਣੀਆਂ ਯਾਦਾਂ ਵਿੱਚ ਲਿਖਿਆ ਸੀ “ਵਿਗਿਆਨਕ ਨਜ਼ਰੀਏ ਅਤੇ ਸਮਾਜਿਕ ਵਿਗਿਆਨ ਦੀ ਡੂੰਘੀ ਸਮਝ ਦੇ ਮਾਮਲੇ ਵਿੱਚ ਭਗਤ ਸਿੰਘ ਅਤੇ ਵੋਹਰਾ ਦੀ ਬੌਧਿਕ ਸੂਝ ਇੱਕੋ ਜਿਹੀ ਸੀ।” 28 ਮਈ,1930 ਨੂੰ ਬੰਬ ਪ੍ਰੀਖਣ ਕਰਦੇ ਹੋਏ ਇਨਕਲਾਬ ਦਾ ਇਹ ਜੁਝਾਰੂ ਯੋਧਾ ਰਾਵੀ ਦੇ ਕੰਢੇ ਤੇ ਲਾਹੌਰ ਵਿਚ ਸ਼ਹੀਦ ਹੋ ਗਿਆ ਸੀ।ਉਹਨਾਂ ਦੀ 91ਵੀਂ ਬਰਸੀ ਮੌਕੇ ਉਸ ਯੋਧੇ ਨੂੰ ਸਾਡਾ ਸਲਾਮ।(ਲਲਕਾਰ ‘ਚੋਂ) ਮੁਖਵਿੰਦਰ ਸਿੰਘ ਚੋਹਲਾ

Loading

Leave a Reply