ਹਰਜਿੰਦਰ ਹਰਗੜੀਆ, ਹੁਸ਼ਿਆਰਪੁਰ-
ਹੁਸ਼ਿਆਰਪੁਰ ਵਿਖੇ 23 ਅਕਤੂਬਰ 2018 ਤੋਂ ਚੱਲ ਰਹੇ ਸਰਸ ਮੇਲੇ ਵਿੱਚ ਕÎਥਿਤ ਤੌਰ ਤੇ ਪਾਰਕਿੰਗ ਟਿਕਟ ਦੀ ਕੀਮਤ ਵਧਾ ਕੇ ਪ੍ਰਸ਼ਾਸ਼ਨ ਦੇ ਨੱਕ ਹੇਠਾਂ ਹੀ ਲੱਖਾਂ ਰੁਪਏ ਦਾ ਵੱਡਾ ਗੋਲ਼ਮਾਲ ਹੋਣ ਦੀਆਂ ਚਰਚਾਵਾਂ ਪੂਰੀ ਤਰਾਂ ਨਾਲ ਲੋਕਾਂ ਵਿੱਚ ਚੱਲ ਰਹੀਆਂ ਹਨ। ਦੱਸਣਾ ਬਣਦਾ ਹੈ ਕਿ ਸਰਸ ਮੇਲਾ ਦੇਖਣ ਆਉਣ ਵਾਲੇ ਲੋਕਾਂ ਦੇ ਵਾਹਨਾਂ ਦੀ ਪਾਰਕਿੰਗ ਦਾ ਠੇਕਾ ਬੋਲੀ ਦੇ ਅਧਾਰ ਤੇ ਨਿੱਜੀ ਹੱਥਾਂ ਵਿੱਚ ਹੈ। ਇਸਦੇ ਚਲਦਿਆਂ ਜਿੱਥੇ ਮੇਲੇ ਦੇ ਸ਼ੁਰੂਆਤੀ ਦਿਨਾਂ ਵਿੱਚ ਪਾਰਕਿੰਗ ਲਈ ਮੋਟਰ ਸਾਈਕਲ/ਸਕੂਟਰ ਆਦਿ ਦੀ ਟਿਕਟ ਦੀ ਕੀਮਤ 10 ਰੁਪਏ ਤੇ ਕਾਰਾਂ ਆਦਿ ਦੀ ਪਾਰਕਿੰਗ 20 ਰੁਪਏ ਸੀ। ਉਥੇ ਹੀ ਕੁਝ ਦਿਨਾਂ ਬਾਅਦ ਉਕਤ ਪਾਰਕਿੰਗ ਵਾਲਿਆਂ ਨੇ ਇਸ ਸਬੰਧੀ ਕਥਿਤ ਤੌਰ ਤੇ ਆਪਣੇ ਹੀ ਮਨਮਾਨੇ ਢੰਗ ਨਾਲ ਇਸ ਪਾਰਕਿੰਗ ਟਿਕਟ ਦੀ ਕੀਮਤ ਮੋਟਰ ਸਾਈਕਲ/ਸਕੂਟਰ ਆਦਿ ਦੀ ਟਿਕਟ ਦੀ ਕੀਮਤ 10 ਰੁਪਏ ਦੀ ਥਾਂ ਤੇ 20 ਰੁਪਏ ਕਾਰਾਂ ਆਦਿ ਦੀ ਪਾਰਕਿੰਗ 20 ਰੁਪਏ ਦੀ ਥਾਂ ਤੇ 30 ਤੇ ਕਈ ਲੋਕਾਂ ਤੋਂ 40-40 ਰੁਪਏ ਤੱਕ ਵਸੂਲ ਕੀਤੇ ਗਏ।
ਮੇਲੇ ਦੀ ਐਂਟਰੀ ਟਿਕਟ 10 ਤੇ ਪਾਰਕਿੰਗ 20/30 ਨਹੀਂ ਹੋ ਰਹੀ ਲੋਕਾਂ ਨੂੰ ਹਜ਼ਮ
ਇੱਥੇ ਇਹ ਦੱਸਣਾ ਬਣਦਾ ਹੈ ਕਿ ਸਰਸ ਮੇਲੇ ਨੂੰ ਦੇਖਣ ਆਉਣ ਵਾਲੇ ਲੋਕਾਂ ਲਈ ਐਂਟਰੀ ਟਿਕਟ ਪ੍ਰਤੀ ਵਿਅਕਤੀ 10 ਰੁਪਏ ਰੱਖੀ ਗਈ ਸੀ ਜੋ ਕਿ ਲੋਕ ਖੁਸ਼ੀ ਖ਼ੁਸ਼ੀ ਦੇ ਵੀ ਰਹੇ ਸਨ। ਲੇਕਿਨ ਮੇਲਾ ਦੇਖਣ ਆਏ ਬਹੁਤ ਸਾਰੇ ਲੋਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਰਕਿੰਗ ਦੀ ਫੀਸ ਵਿੱਚ ਪ੍ਰਸ਼ਾਸ਼ਨ ਵੱਲੋਂ ਬਗੈਰ ਕਿਸੇ ਜਾਣਕਾਰੀ ਦੇ ਮਨਮਾਨੇ ਢੰਗ ਨਾਲ ਵਧਾਏ ਜਾਣਾ ਪ੍ਰਸਾਸ਼ਨ ਦੇ ਰਵੱਈਏ ਤੇ ਵੀ ਸਵਾਲੀਆ ਨਿਸ਼ਾਨ ਲਗਾਉਂਦਾ ਹੈ।
ਦਿਨਾਂ ਦੇ ਹਿਸਾਬ ਨਾਲ ਪਾਰਕਿੰਗ ਹੈ ਜੀ
ਪਹਿਲੀ ਵਾਰ ਪਾਰਕਿੰਗ 10 ਵਾਰ ਤੇ ਦੂਸਰੀ ਵਾਰ 20 ਰੁਪਏ ਕੀਤੇ ਜਾਣ ਸਬੰਧੀ ਫੀਸ ਵਸੂਲਣ ਵਾਲੇ ਕਰਿੰਦਿਆਂ ਨੂੰ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਇਹ ਫੀਸ ਦਿਨਾਂ ਦੇ ਹਿਸਾਬ ਨਾਲ ਹੈ। ਸ਼ੁੱਕਰਵਾਰ ਤੇ ਐਤਵਾਰ ਨੂੰ ਪਾਰਕਿੰਗ ਦੀ ਟਿਕਟ ਦੁੱਗਣੀ ਹੈ।
27 ਅਕਤੂਬਰ ਤੋਂ ਚੁੱਪਚਪੀਤੇ ਕੀਤਾ ਪਾਰਕਿੰਗ ਫੀਸ ਵਿੱਚ ਵਾਧਾ
ਇੱਥੇ ਇਹ ਦੱਸਣਾ ਬਣਦਾ ਹੈ ਕਿ ਸਰਸ ਮੇਲਾ 23 ਅਕਤੂਬਰ 2018 ਤੋਂ ਸ਼ੁਰੂ ਹੋਇਆ ਸੀ ਤੇ ਸ਼ੁਰੂਆਤੀ ਦਿਨਾਂ ਵਿੱਚ ਤਾਂ ਮੋਟਰ ਸਾਈਕਲ/ਸਕੂਟਰ ਆਦਿ ਦੀ ਟਿਕਟ ਦੀ ਕੀਮਤ 10 ਰੁਪਏ ਤੇ ਕਾਰਾਂ ਆਦਿ ਦੀ ਪਾਰਕਿੰਗ 20 ਰੁਪਏ ਹੀ ਸੀ। ਲੇਕਿਨ ਮੇਲੇ ਵਿੱਚ ਕਥਿਤ ਤੌਰ ਤੇ ਪਹਿਲੇ ਕੁਝ ਦਿਨ ਲੋਕਾਂ ਦੀ ਗਿਣਤੀ ਘੱਟ ਰਹਿਣ ਕਾਰਨ ਹੀ ਠੇਕੇਦਾਰ ਨੇ ਚੁੱਪਚਪੀਤੇ ਹੀ 27 ਅਕਤੂਬਰ ਤੋਂ ਪਾਰਕਿੰਗ ਦੀ ਫੀਸ ਵਧਾ ਦਿੱਤੀ। ਜੋ ਕਿ ਕ੍ਰਮਵਾਰ ਮੋਟਰ ਸਾਈਕਲ/ਸਕੂਟਰ ਆਦਿ ਦੀ ਟਿਕਟ ਦੀ ਕੀਮਤ 10 ਰੁਪਏ ਦੀ ਥਾਂ ਤੇ 20 ਰੁਪਏ ਤੇ ਕਾਰਾਂ ਆਦਿ ਦੀ ਪਾਰਕਿੰਗ 20 ਰੁਪਏ ਦੀ ਥਾਵੇਂ 30 ਰੁਪਏ ਦੀ ਸੀ।
ਮੇਲੇ ਵਿੱਚ ਲੋਕਾਂ ਦੀ ਘੱਟ ਗਿਣਤੀ ਕਾਰਨ ਹੋਇਆ ਇਹ ਗੋਲ਼ਮਾਲ਼
ਕਈ ਲੋਕਾਂ ਦਾ ਕਹਿਣਾ ਹੈ ਕਿ ਇਹ ਕਥਿਤ ਗੋਲ਼ਮਾਲ ਮੇਲੇ ਵਿੱਚ ਲੋਕਾਂ ਦੀ ਆਸ ਅਨੁਸਾਰ ਆਮਦ ਨਾ ਹੋਣ ਦੇ ਚਲਦਿਆਂ ਕੀਤਾ ਸ਼ੁਰੂ ਕੀਤਾ ਗਿਆ ਸੀ।
ਸਰਕਾਰੀ ਕਰਮਚਾਰੀਆਂ ਦੇ ਧਿਆਨ ਵਿੱਚ ਆਇਆ ਇਹ ਗੋਲ਼ਮਾਲ
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਹ ਕਥਿਤ ਗੋਲ਼ਮਾਲ਼ ਦਾ ਮਾਮਲਾ ਆਮ ਲੋਕਾਂ ਦੇ ਧਿਆਨ ਵਿੱਚ ਨਹੀਂ ਆਇਆ ਹੈ ਤੇ ਜ਼ਿਆਦਾਤਰ ਸਰਕਾਰੀ ਕਰਮਚਾਰੀਆਂ ਨੇ ਹੀ ਇਸ ਗੱਲ ਤੇ ਗੌਰ ਕੀਤਾ ਉਹ ਵੀ ਖ਼ਾਸ ਕਰਕੇ ਉਹਨਾਂ ਨੇ ਜੋ ਮੇਲੇ ਦੇ ਸ਼ੁਰੂਆਤੀ ਦਿਨਾਂ ਤੇ ਅਖ਼ੀਰੀ ਦਿਨਾਂ ਵਿੱਚ ਮੇਲੇ ਤੇ ਆਏ ਸਨ। ਭਾਵੇਂ ਕਿ ਸਰਕਾਰੀ ਕਰਮਚਾਰੀ ਹੋਣ ਦੇ ਨਾਤੇ ਬਹੁਤੇ ਲੋਕ ਸਾਹਮਣੇ ਆ ਕੇ ਇਸ ਮਾਮਲੇ ਸਬੰਧੀ ਜਾਣਕਾਰੀ ਦੇਣ ਜਾਂ ਆਪਣਾ ਨਾਂਅ ਦੇਣ ਤੋਂ ਗੁਰੇਜ਼ ਹੀ ਕਰਦੇ ਦੇਖੇ ਗਏ।
ਕਿਹੜੇ ਨਿਯਮਾਂ ਨਾਲ ਵਧਾਈ ਗਈ ਮਨਮਾਨੇ ਢੰਗ ਨਾਲ ਪਾਰਕਿੰਗ ਦੀ ਫੀਸ
ਇੱਕ ਵਾਰ ਤੋਂ ਜ਼ਿਆਦਾ ਸਰਸ ਮੇਲਾ ਦੇਖਣ ਆਏ ਲੋਕਾਂ ਵੱਲੋਂ ਇਹ ਸਵਾਲ ਕੀਤਾ ਜਾ ਰਿਹਾ ਸੀ ਕਿ ਇਹ ਕਿੰਝ ਹੋ ਸਕਦਾ ਹੈ ਕੋਈ ਠੇਕੇਦਾਰ ਆਪਣੇ ਮਨਮਾਨੇ ਢੰਗ ਨਾਲ ਹੀ ਪਾਰਕਿੰਗ ਦੀ ਫੀਸ ਵਧਾ ਦੇਵੇ। ਕੀ ਅਜਿਹਾ ਪਾਰਕਿੰਗ ਦੀ ਹੋਈ ਬੋਲੀ ਦੀਆਂ ਸ਼ਰਤਾਂ ਵਿੱਚ ਹੀ ਤਹਿ ਕੀਤਾ ਗਿਆ ਸੀ ਜੋ ਕਿ ਬਹੁਤ ਹੀ ਅਜੀਬ ਲੱਗਦਾ ਹੈ ਕਿ ਵੱਖ ਵੱਖ ਦਿਨਾਂ ਵਿੱਚ ਪਾਰਕਿੰਗ ਫੀਸ ਵਧਦੀ ਘਟਦੀ ਰਹੇ।
ਪਾਰਕਿੰਗ ਫੀਸ ਸਬੰਧੀ ਪੁੱਛਣ ਤੇ ਜਵਾਬ ਦੇਣ ਤੋਂ ਟਾਲ਼ਾ ਵੱਟਦੇ ਰਹੇ ਡਿਊਟੀ ਤੇ ਤੈਨਾਤ ਕਰਮਚਾਰੀ
ਇੱਥੇ ਇਹ ਦੱਸਣਾ ਬਣਦਾ ਹੈ ਜਦੋਂ ਸਰਸ ਮੇਲੇ ਤੇ ਤੈਨਾਨ ਪ੍ਰਸਾਸ਼ਨਿਕ ਕਰਮਚਾਰੀਆਂ ਤੋਂ ਇਸ ਸਬੰਧੀ ਸਵਾਲ ਕੀਤਾ ਗਿਆ ਤਾਂ ਸਾਰੇ ਕਰਮਚਾਰੀ ਸਾਫ਼ ਉੱਤਰ ਨਾ ਦੇ ਕੇ ਇਹ ਤਾਂ ਦੱਸਦੇ ਰਹੇ ਕਿ ਪਾਰਕਿੰਗ ਵਾਲੇ ਠੇਕੇਦਾਰ ਦਾ ਲੱਖਾਂ ਦਾ ਠੇਕਾ ਹੈ ਤੇ ਉਸਨੇ ਇੰਨੇ ਪੈਸੇ ਰੋਜ਼ਾਨਾ ਦੇਣੇ ਹੁੰਦੇ ਹਨ ਲੇਕਿਨ ਪਾਰਕਿੰਗ ਦੇ ਪੈਸੇ ਕਿੰਨੇ ਹਨ ਇਸ ਸਬੰਧੀ ਉੱਤਰ ਦੇਣ ਦੀ ਥਾਂ ਤੇ ਇਹ ਹੀ ਕਹਿੰਦੇ ਰਹੇ ਕਿ ਇਹ ਸਾਨੂੰ ਨਹੀਂ ਪਤਾ ਉਚ ਅਧਿਕਾਰੀ ਹੀ ਜਾਣਕਾਰੀ ਦੇ ਸਕਦੇ ਹਨ।
ਮਾਲਕ ਓਧਰ ਹੈ ਜੀ ਮੋਬਾਇਲ ਨੰਬਰ ਨਹੀਂ ਹੈ
ਪਾਰਕਿੰਗ ਦੀਆਂ ਪਰਚੀਆਂ ਕੱਟਣ ਵਾਲੇ ਬਹੁਤ ਸਾਰੇ ਕਰਿੰਦਿਆਂ ਨੂੰ ਪਾਰਕਿੰਗ ਦੇ ਠੇਕੇਦਾਰ ਨਾਲ ਗੱਲਬਾਤ ਕਰਨ ਲਈ ਜਾਣਕਾਰੀ ਮੰਗੀ ਗਈ ਲੇਕਿਨ ਸਾਰੇ ਇਹ ਹੀ ਕਹਿੰਦੇ ਰਹੇ ਉਹ ਉੱਧਰ ਹੈ ਤੇ ਉਸਦਾ ਮੋਬਾਇਲ ਸਾਡੇ ਕੋਲ਼ ਨਹੀਂ ਹੈ।
ਇੱਕ ਲੱਖ ਤੋਂ ਵਧੇਰੇ ਲੋਕ ਦੇਖ ਚੁੱਕੇ ਹਨ ਸਰਸ ਮੇਲਾ
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ 03 ਨਵੰਬਰ 2018 ਨੂੰ ਜਿਲ•ਾ ਪ੍ਰਸ਼ਾਸ਼ਨ ਵੱਲੋਂ ਆਪਣੇ ਅਧਿਕਾਰਕ ਤੌਰ ਤੇ ਜਾਰੇ ਕੀਤੇ ਗਏ ਅੰਕੜਿਆਂ ਅਨੁਸਾਰ ਵੀ 02 ਨਵੰਬਰ 2018 ਤੱਕ ਇੱਕ ਲੱਖ ਤੋਂ ਵਧੇਰੇ ਲੋਕ ਸਰਸ ਮੇਲਾ ਦੇਖ ਚੁੱਕੇ ਹਨ ਇਸ ਲਈ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਔਸਤਨ ਕਿੰਨੇ ਵਾਹਨਾਂ ਦੀ ਆਮਦ ਹੋਈ ਹੋ ਸਕਦੀ ਹੈ।
ਮਾਮਲਾ ਧਿਆਨ ਵਿੱਚ ਨਹੀਂ ਹੈ ਏਡੀਸੀ (ਵਿਕਾਸ)
ਇਸ ਸਬੰਧੀ ਪੁੱਛਣ ਤੇ ਸਰਸ ਮੇਲੇ ਵਿੱਚ ਪ੍ਰਸ਼ਾਸ਼ਨ ਵੱਲੋਂ ਤੈਨਾਤ ਏਡੀਸੀ (ਵਿਕਾਸ) ਹਰਬੀਰ ਸਿੰਘ ਨੇ ਕਿਹਾ ਕਿ ਇਹ ਮਾਮਲਾ ਉਹਨਾਂ ਦੇ ਧਿਆਨ ਵਿੱਚ ਨਹੀਂ ਹੈ। ਟੈਂਡਰਾਂ ਵਿੱਚ ਪਾਰਕਿੰਗ ਫੀਸ ਕਿੰਨੀ ਤਹਿ ਕੀਤੀ ਗਈ ਸੀ ਦੀ ਸ਼ਰਤ ਸਬੰਧੀ ਪੁੱਛਣ ਤੇ ਉਹਨਾਂ ਕਿਹਾ ਕਿ ਇਸ ਸਬੰਧੀ ਤਾਂ ਉਹ ਕਾਗਜ਼ ਦੇਖ ਕੇ ਹੀ ਦੱਸ ਸਕਦੇ ਹਨ। ਜਦੋਂ ਪੁੱਛਿਆ ਗਿਆ ਕੇ ਜੇਕਰ ਕੋਈ ਕੁਤਾਹੀ ਪਾਈ ਗਈ ਤਾਂ ਕੀ ਕੋਈ ਕਾਰਵਾਈ ਕੀਤੀ ਜਾਵੇਗੀ ਤਾਂ ਉਹਨਾਂ ਕਿਹਾ ਕਿ ਪਹਿਲਾਂ ਉਹ ਮਾਮਲਾ ਦੇਖਣਗੇ ਫਿਰ ਹੀ ਕੁਝ ਕਹਿ ਸਕਣਗੇ। ਇਸ ਸਬੰਧੀ ਪੱਖ ਜਾਨਣ ਲਈ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨਾਲ ਫੋਨ ਤੇ ਸੰਪਰਕ ਨਹੀਂ ਹੋ ਸਕਿਆ।

![]()
