
ਜ਼ਰਾ ਕੁ ਠਹਿਰ ਇਬਾਦਤ ਨੂੰ ਵੇਖ਼ਦਾ ਜਾਵੀਂ।
ਅਸਾਂ ਦੀ ਪਿਆਰ-ਮੁਹੱਬਤ ਨੂੰ ਵੇਖ਼ਦਾ ਜਾਵੀਂ।
ਅਸੀਂ ਚਿਰਾਗ ਹਵਾਵਾਂ’ਚ ਬਾਲ ਕੇ ਛੱਡਣੇ,
ਤੂੰ ਰੋਸ਼ਨੀ ਦੀ ਹਕੀਕਤ ਨੂੰ ਵੇਖ਼ਦਾ ਜਾਵੀਂ।
ਤਿਰਾ ਵਿਯੋਗ ਤਾਂ ਦਿਲ ਵਿੱਚ ਹੈ ਸਾਂਭ ਕੇ ਰੱਖਿਆ,
ਕਦੇ ਤੂੰ ਯਾਰ ਅਮਾਨਤ ਨੂੰ ਵੇਖ਼ਦਾ ਜਾਵੀਂ।
ਅਗਰ ਯਕੀਨ ਨਹੀਂ ਹੈ, ਕਿ ਮੈਂ ਕਮਾਇਆ ਕੀ?,
ਮਿਰੀ ਜਹਾਨ ਤੋਂ ਰੁਖ਼ਸਤ ਨੂੰ ਵੇਖ਼ਦਾ ਜਾਵੀਂ।
ਅਖ਼ੀਰ ਮੌਤ ਨੇ ਸਾਹਾਂ ਨੂੰ ਕੈਦ ਕਰ ਲੈਣਾ,
ਤੂੰ ਜ਼ਿੰਦਗੀ ਦੀ ਜ਼ਮਾਨਤ ਨੂੰ ਵੇਖ਼ਦਾ ਜਾਵੀਂ।
ਸਵੇਰ ਸਾਰ ਸ਼ੁਰੂ ਹੋ ਗਈ ਮਸ਼ੱਕਤ ਹੈ,
ਹੈ ਲਾਜਵਾਬ ਵਿਰਾਸਤ ਨੂੰ ਵੇਖ਼ਦਾ ਜਾਵੀਂ।
ਸਦਾ ਸਫੈਦ ਕਬੂਤਰ ਅਕਾਸ਼ ਦੇਖੇ ਨੇ,
ਜ਼ਮੀਂ ਹੈ ਲਾਲ ਸਿਆਸਤ ਨੂੰ ਵੇਖ਼ਦਾ ਜਾਵੀਂ।
ਰਣਬੀਰ ਆਕਾਸ਼
ਮੋਬਾ 9876582400
![]()
