ਰਾਜਿਆ ਰਾਜ ਕਰੇਂਦਿਆ

ਰਾਜਿਆ ਰਾਜ ਕਰੇਂਦਿਆ
ਸੁਣ ਧਰਤੀ ਦੀ ਹੂਕ
ਹਰ ਹਿੱਕ ਵਿੱਚ ਲਾਂਬੂ ਅੱਗ ਦਾ
ਤੇ ਖ਼ਲਕਤ ਰਹੀ ਹੈ ਕੂਕ
ਸਾਡੇ ਚੁੱਲਿ•ਆਂ ਦੇ ਵਿੱਚ ਅੱਗ ਨਾ
ਨਾ ਘੜਿਆਂ ਦੇ ਵਿੱਚ ਨੀਰ
ਸਾਰਾ ਝੰਗ ਸਿਆਲ ਹੈ ਉਜੜਿਆ
ਤੇ ਰੁੱਸ ਗਏ ਪੰਜੇ ਪੀਰ।
ਹੱਥ ਕਿਰਤੀ ਦੇ ਰੁਜ਼ਗਾਰ ਦਾ
ਘਰ ਤਰਸੇ ਲੂਣ ਤੇ ਤੇਲ
ਹਾਏ ਲੋਕ ਰਾਜ ਦੇ ਨਾਂ ‘ਤੇ
ਕੀ ਖੇਡ ਰਿਹਾ ਏ ਖੇਲ•
ਫ਼ਸਲਾਂ ਦੀ ਥਾਂ ਸਲਫਾਸ ਨੇ
ਲੱਖ ਟੱਬਰ ਦਿੱਤੇ ਰੋਲ
ਹੁਣ ਰਾਹ ਸਿਵਿਆਂ ਦੇ ਪੈ ਗਈ
ਇਹ ਸੁਬਕ ਜਵਾਨੀ ਸੋਹਲ
ਅੱਜ ਸਿਰ ਤੋਂ ਛੱਤ ਹੈ ਤਿੜਕ ਰਹੀ
ਤੇ ਪੈਰਾਂ ਹੇਠ ਜ਼ਮੀਨ
ਕਿੰਝ ਛਾਤੀ ਦੇਖ ਕੇ ਪਾਟਦੀ
ਨਿੱਤ ਵੱਢ ਟੁੱਕ ਦਾ ਸੀਨ
ਇਲਮ ਅਦਬ ਦੇ ਦਰਾਂ ‘ਤੇ
ਤੇਰੇ ਫਿਰਕੂ ਪਹਿਰੇਦਾਰ
ਬਣੇ ਚੋਰ –ਉਚੱਕੇ ਚੌਧਰੀ
ਤੇ ਹੋਛੇ ਸਿਪਾਹ-ਸਲਾਰ
ਮੂੰਹ ਖੋਲ•ਣ ਉੱਤੇ ਰੋਕ ਹੈ
ਹੱਕ-ਸੱਚ ਲਈ ਬੰਦ ਕਿਵਾੜ
ਸਾਡੇ ਦੁੱਲਿਆਂ -ਬੁੱਲਿ•ਆਂ ਵਾਸਤੇ
ਬੁੜੈਲ ਦੇ ਨਾਲ ਤਿਹਾੜ।
ਮਦਨ ਵੀਰਾ
82-ਸ਼ਾਲੀਮਾਰ ਨਗਰ
ਹੁਸ਼ਿਆਰਪੁਰ
ਮੋਬਾ-94176-83769
![]()
