13 ਅਗਸਤ 2019 ਦੇ ਪੰਜਾਬ ਬੰਦ ਨਾਲ ਕਿਸਦਾ ਕੀ ਫ਼ਾਇਦਾ ਹੋਇਆ/ਹੋਵੇਗਾ ?

ਇਨਕਲਾਬੀ ਬੁਲੇਟਿਨ ਲਈ ਹੁਸ਼ਿਆਰਪੁਰ ਤੋਂ ਹਰਜਿੰਦਰ ਹਰਗੜੀਆ
ਤੁਗਲਕਾਬਾਦ ਦਿੱਲੀ ਵਿਖੇ ਗੁਰੂ ਰਵਿਦਾਸ ਜੀ ਦੇ ਨਾਲ ਸਬੰਧਿਤ ਧਾਰਮਿਕ ਸਥਾਨ ਨੂੰ ਤੋੜੇ ਜਾਣ ਦੀ ਘਟਨਾ ਤੋਂ ਬਾਅਦ ਬਣੇ ਹਾਲਾਤਾਂ ਕਾਰਨ 13 ਅਗਸਤ 2019 ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ। ਹੁਸ਼ਿਆਰਪੁਰ ਦੇ ਹਾਲਾਤਾਂ ਨੂੰ ਦੇਖਦੇ ਹੋਏ ਤੇ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦਾ ਬੰਦ ਕਾਮਯਾਬ ਰਿਹਾ। ਆਉਂਦੇ ਦਿਨਾਂ ਵਿਚ ਇਸ ਮੁੱਦੇ ਤੇ ਬਹੁਤ ਸਾਰੀਆਂ ਅਪਡੇਟ ਹੋਣ ਦੀ ਸੰਭਾਵਨਾ ਹੈ ਲੇਕਿਨ ਬਹੁਤੇ ਲੋਕਾਂ ਦੇ ਮਨਾਂ ਵਿਚ ਸਵਾਲ ਇਹ ਹੈ ਕਿ 13 ਅਗਸਤ 2019 ਦੇ ਪੰਜਾਬ ਬੰਦ ਨਾਲ ਕਿਸਦਾ ਕੀ ਫ਼ਾਇਦਾ ਹੋਇਆ/ਹੋਵੇਗਾ? 
ਜੇਕਰ ਇਸ ਬੰਦ ਦੀ ਕਾਮਯਾਬੀ ਦੇ ਫਾਇਦੇ ਦੀ ਗੱਲ ਕਰੀਏ ਤਾਂ ਇਸਦਾ ਕੁਝ ਹਿੱਸਾ ਬੀਐਸਪੀ ਨੂੰ ਜਾਵੇਗਾ ਖਾਸ ਕਰਕੇ ਦੁਆਬਾ ਖੇਤਰ ਵਿੱਚ ਜਿੱਥੇ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਦੇਖਣ ਨੂੰ ਅੰਕੜਿਆਂ ਦੇ ਅਧਾਰ ਤੇ ਬਸਪਾ ਦੇ ਵੋਟ ਬੈਂਕ ਵਿੱਚ ਵੱਡਾ ਵਾਧਾ ਦਿਸਿਆ ਹੈ (ਭਾਵੇਂ ਕਿ ਇਸ ਗਿਣਤੀ ਮਿਣਤੀ ਨੂੰ ਦੇਖਦੇ ਹੋਏ ਬਸਪਾ ਦੇ ਸਥਾਨਿਕ ਆਗੂ ਤੇ ਵਰਕਰ ਈਵੀਐਮ ਦੀ ਗੜਬੜੀ ਦੇ ਆਪਣੇ ਵਿਰੋਧ ਨੂੰ ਭੁਲਾ ਬੈਠੇ ਤੇ ਆਪਣੀ ਪਿੱਠ ਥਾਪੜਦੇ ਦਿਸਦੇ ਹਨ) ਫਿਰ ਵੀ ਇਸ ਬੰਦ ਵਿਚ ਬਸਪਾ ਆਗੂਆਂ ਤੇ ਵਰਕਰਾਂ ਦੀ ਸ਼ਮੂਲੀਅਤ ਤੇ ਗਤੀਵਿਧੀਆਂ ਬਸਪਾ ਦੇ ਵੋਟਰ ਨੂੰ ਫਿਰ ਇਸ ਨਾਲ ਜੋੜਨ ਦਾ ਕੰਮ ਕਰਨਗੀਆਂ। ਭਾਵੇਂ ਕਿ ਸ਼ੋਸ਼ਲ ਮੀਡੀਆ ਤੇ ਗੁਰੂ ਰਵਿਦਾਸ ਜਾਂ ਅੰਬੇਡਕਰ ਦੀ ਵਿਚਾਰਧਾਰਾ ਨਾਲ ਜੁੜੇ ਲੋਕਾਂ ਵਿੱਚ ਬਸਪਾ ਦੇ ਕਥਿਤ ਤੌਰ ਤੇ ਬੰਦ ਵਿਚ ਬਹੁਤ ਉਤਸ਼ਾਹ ਨਾਲ ਸ਼ਾਮਲ ਹੋਣ ਸਬੰਧੀ ਵੀ ਟਾਵੇਂ ਟਾਵੇਂ ਸਵਾਲ ਕੀਤੇ ਗਏ। 
ਦੂਸਰੇ ਅਤੇ ਅਹਿਮ ਦੂਰਗਾਮੀ ਪ੍ਰਭਾਵ ਦੀ ਗੱਲ ਕਰੀਏ ਤਾਂ ਇਸ ਬੰਦ ਦੇ ਦੌਰਾਨ ਇਸ ਭਾਈਚਾਰੇ ਦੇ ਲੋਕਾਂ ਨੂੰ ਕੁਝ ਗਿਣਵੀਆਂ ਚੋਣਵੀਆਂ ਸਿੱਖ ਜਥੇਬੰਦੀਆਂ ਵੱਲੋਂ ਮਿਲਿਆ ਸਮਰਥਨ ਵੀ ਦੋਵਾਂ ਧਿਰਾਂ ਨੂੰ ਆਉਂਦੇ ਦਿਨਾਂ ਵਿਚ ਹੋਰ ਵੀ ਨੇੜੇ ਲਿਆ ਸਕਦਾ ਹੈ। ਇਸਦੇ ਨਾਲ ਨਾਲ ਹੀ ਸ਼ਹਿਰ ਦੇ ਕੁਝ ਥਾਵਾਂ ਤੇ ਸਿੱਖ ਭਾਈਚਾਰੇ ਦੇ ਲੋਕ ਇਹ ਗੱਲ ਕਹਿੰਦੇ ਸੁਣੇ ਗਏ ਕਿ ਅੱਜ ਸਾਨੂੰ ਇਹਨਾਂ ਦੇ ਬੰਦ ਦਾ ਸਮਰਥਨ ਦੇਣਾ ਚਾਹੀਦਾ ਹੈ ਕਿਉਂਕਿ ਅਗਲੀ ਵਾਰੀ ਕਥਿਤ ਤੌਰ ਤੇ ਆਪਣੇ ਧਰਮ ਤੇ ਹਮਲੇ ਦੀ ਹੋ ਸਕਦੀ ਹੈ। ਇਸ ਲਈ ਜੇਕਰ ਅੱਜ ਇਹਨਾਂ ਦਾ ਸਾਥ ਦੇਵਾਂਗੇ ਤਾਂ ਇਹ ਕੱਲ ਸਾਡਾ ਸਾਥ ਦੇਣਗੇ। 
ਇਸ ਬੰਦ ਦੇ ਨਾਲ ਜੇਕਰ ਕਿਸੇ ਸਿਆਸੀ ਪਾਰਟੀ ਨੂੰ ਪੰਜਾਬ ਵਿਚ ਸਭ ਤੋਂ ਵੱਡਾ ਨੁਕਸਾਨ ਹੋਵੇਗਾ ਤਾਂ ਉਹ ਕਾਂਗਰਸ ਹੈ। ਜਿਥੇ ਪਿਛਲੇ ਸਮੇਂ ਤੋਂ ਇਹ ਗੱਲ ਪੰਜਾਬ ਦੇ ਲੋਕਾਂ ਦੇ ਮਨਾਂ ਵਿਚ ਡੂੰਘੇ ਤੌਰ ਤੇ ਵਸ ਗਈ ਹੈ ਕਿ ਜਦੋਂ ਵੀ ਬਸਪਾ ਦਾ ਅਧਾਰ ਜਾਂ ਕਹਿ ਲਵੋ ਵੋਟ ਬੈਂਕ ਵਧੇਗਾ ਤਾਂ ਇਸ ਦਾ ਸਿੱਧਾ ਨੁਕਸਾਨ ਕਾਂਗਰਸ ਨੂੰ ਹੀ ਹੋਵੇਗਾ। ਇਸਦੀ ਉਦਾਹਰਨ ਅਸੀਂ ਬੀਤੇ ਸਮੇਂ ਦੀਆਂ ਬਹੁਤ ਸਾਰੀਆਂ ਲੋਕ ਸਭਾ ਤੇ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜ਼ਿਆਂ ਨੂੰ ਵਿਚਾਰਨ ਤੋਂ ਬਾਅਦ ਪ੍ਰਮਾਣਿਤ ਕਰ ਸਕਦੇ ਹਾਂ। ਜਿਲ•ੇ ਵਿਚ ਇੱਕਾ ਦੁੱਕਾ ਥਾਵਾਂ ਤੇ ਕਾਂਗਰਸੀ ਆਗੂਆਂ ਨਾਲ ਧਰਨਾਕਾਰੀਆਂ ਦੇ ਹੋਏ ਬੋਲ ਬੁਲਾਰੇ ਤੋਂ ਵੀ ਬਸਪਾ ਦੇ ਕਾਂਗਰਸ ਨਾਲ ਦੂਰੀ ਦੀਆਂ ਭਾਵਨਾਵਾਂ ਨੂੰ ਬਲ ਮਿਲਦਾ ਹੈ। ਭਾਵੇਂ ਕਿ ਹੁਸ਼ਿਆਰਪੁਰ ਸ਼ਹਿਰ ਦੀ ਗੱਲ ਕਰੀਏ ਤਾਂ ਇੱਥੇ ਵੀ ਕਾਂਗਰਸੀ ਕੌਂਸਲਰ ਜਿਹਨਾਂ ਦਾ ਆਪਣਾ ਲੋਕ ਅਧਾਰ ਵੀ ਹੈ ਬੰਦ ਦਾ ਸਮਰਥਨ ਕਰਦੇ ਨਜ਼ਰ ਆਏ। 
ਇਸ ਸਭ ਕੁਝ ਤੋਂ ਬਾਅਦ ਦੇਖੀਏ ਤਾਂ ਭਾਵੇਂ ਇਸ ਨੂੰ ਪਹਿਲੀ ਨਜ਼ਰ ਵਿਚ ਝੂਠ ਕਿਹਾ ਜਾ ਸਕਦਾ ਹੈ ਲੇਕਿਨ ਗੰਭੀਰਤਾ ਨਾਲ ਵਿਚਾਰ ਕਰਨ ਤੋਂ ਬਾਅਦ ਮਹਿਸੂਸ ਕੀਤਾ ਜਾ ਸਕਦਾ ਹੈ ਕਿ ਇਸ ਬੰਦ ਦਾ ਸਭ ਤੋਂ ਵੱਡਾ ਫ਼ਾਇਦਾ ਭਾਜਪਾ ਨੂੰ ਹੋਣ ਦੀ ਸੰਭਾਵਨਾ ਹੈ। ਕਿਉਂਕਿ ਜਿੱਥੇ 2022 ਵਿਚ ਪੰਜਾਬ ਵਿਧਾਨ ਸਭਾ ਚੋਣਾਂ ਲਈ ਭਾਜਪਾ ਵੱਲੋਂ ਕਥਿਤ ਤੌਰ ਤੇ ਇੱਕਲਿਆਂ ਪੰਜਾਬ ਦੀਆਂ ਚੋਣਾਂ ਦੇ ਲੜਨ ਦੇ ਆਸਾਰ ਜਤਾਏ ਜਾ ਰਹੇ ਹਨ ਉਸ ਹਾਲਾਤ ਵਿੱਚ ਭਾਜਪਾ ਦੇ ਆਪਣੇ ਪੱਕੇ ਵੋਟ ਬੈਂਕ ਤੇ ਕੇਡਰ ਦੇ ਨਾਲ ਨਾਲ ਕਾਂਗਰਸ ਦੇ ਘਟੇ ਲੋਕ ਅਧਾਰ ਤੋਂ ਲਾਭ ਉਠਾਉਣ ਦੀ ਸੰਭਾਵਨਾ ਬਣਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਜੇਕਰ ਭਾਜਪਾ ਜਾਂ ਬਸਪਾ ਇਸ ਮੁੱਦੇ ਨੂੰ ਉਸ ਸਮੇਂ ਤੱਕ ਕਿਸੇ ਵੀ ਰੂਪ ਵਿਚ ਜਿੰਦਾ ਰੱਖਣ ਵਿੱਚ ਕਾਮਯਾਬ ਰਹਿੰਦੀਆਂ ਹਨ। ਬਸਪਾ ਲਈ ਪੰਜਾਬ ਵਿੱਚ ਸੱਤਾ ਦੇ ਸੁਪਨੇ ਨੇੜਲੇ ਭਵਿੱਖ ਵਿਚ ਸਾਕਾਰ ਹੋਣੇ ਹਾਲੇ ਦੂਰ ਦੀ ਕੌਢੀ ਕਹੇ ਜਾ ਸਕਦੇ ਹਨ ਕਿਉਂਕਿ ਲੰਘੀਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਵਿੱਚ ਬਣੇ ਗਠਜੋੜ ਦਾ ਅਧਾਰ ਉਦੋਂ ਤੱਕ ਕੀ ਰਹਿੰਦਾ ਹੈ ਤੇ ਪੀਡੀਏ ਵਿਚਲੀਆਂ ਸਿਆਸੀ ਧਿਰਾਂ ਦੇ ਹਿੱਤ ਕਿੰਨੇ ਜੁੜੇ ਰਹਿੰਦੇ ਹਨ ਇਹ ਤਾਂ ਸਮਾਂ ਹੀ ਦੱਸੇਗਾ। ਲੇਕਿਨ ਇੱਕ ਪੱਤਰਕਾਰ ਨੂੰ ਉਦੋਂ ਸਿਰੇ ਦੀ ਹੈਰਾਨਗੀ ਹੋਈ ਜਦੋਂ ਭਾਜਪਾ ਦਾ ਇੱਕ ਦਲਿਤ ਭਾਈਚਾਰੇ ਦਾ ਸਥਾਨਕ ਆਗੂ ਬੰਦ ਕਰਵਾਉਣ ਲਈ ਬੈਠੇ ਧਰਨਾਕਾਰੀਆਂ ਦੇ ਨਜ਼ਦੀਕ ਹੀ ਕੁਰਸੀ ਡਾਹੀ ਬੈਠਾ ਮਿਲਿਆ। ਜਦੋਂ ਉਸਨੂੰ ਪੁੱਛਿਆ ਕਿ ਤੁਸੀਂ ਇੱਧਰ ਕਿਵੇਂ ਤਾਂ ਉਸ ਨੇ ਕਿਹਾ ਕਿ ਪਾਰਟੀ ਦੇ ਨਾਲ ਹਾਂ ਤਾਂ ਭਾਈਚਾਰੇ ਦੇ ਵੀ ਨਾਲ ਹਾਂ। ਇਸ ਤੋਂ ਕਿਆਸ ਲਗਾਇਆ ਜਾ ਸਕਦਾ ਹੈ ਕਿ ਕਥਿਤ ਤੌਰ ਤੇ ਭਾਜਪਾ ਦੇ ਜ਼ਮੀਨੀ ਪੱਧਰ ਤੇ ਹੋਰ ਵੀ ਸਥਾਨਿਕ ਆਗੂ ਜਾਂ ਚਿਹਰੇ ਧਰਨਾਕਾਰੀਆਂ ਵਿਚਕਾਰ ਜਾਂ ਆਸ ਪਾਸ ਰਹੇ ਹੋ ਸਕਦੇ ਹਨ ਜਿਸ ਨਾਲ ਉਹਨਾਂ ਨੇ ਇਸ ਮੁੱਦੇ ਤੇ ਆਪਣੇ ਕਥਿਤ ਵਿਰੋਧ ਦੀ ਭਰਪਾਈ ਕਰਨ ਦਾ ਯਤਨ ਕੀਤਾ ਹੋ ਸਕਦਾ ਹੈ। ਭਾਵੇਂ ਕਿ ਜਿਲ•ੇ ਵਿਚ ਹੋਈ ਇੱਕ ਕਥਿਤ ਝੜਪ ਨੂੰ ਇਸ ਵਿਚਾਰ ਦੇ ਵਿਵਾਦ ਵਜੋਂ ਵੀ ਦੇਖਿਆ ਜਾ ਸਕਦਾ ਹੈ।
ਭਾਵੇਂ ਕਿ ਅਕਾਲੀ ਦਲ ਦੇ ਕੁਝ ਵੱਡੇ ਆਗੂਆਂ ਨੇ ਵੀ ਇਸ ਮੁੱਦੇ ਤੇ ਉਕਤ ਘਟਨਾ ਤੇ ਆਪਣੇ ਵਿਚਾਰ ਰੱਖਦੇ ਹੋਏ ਗੁਰੂ ਰਵਿਦਾਸ ਦੇ ਪੈਰੋਕਾਰਾਂ ਵਿਚ ਆਪਣੇ ਲਈ ਸਹਾਨਭੂਤੀ ਦੀ ਜ਼ਮੀਨ ਤਲਾਸ਼ੀ ਹੈ ਲੇਕਿਨ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਇਹ ਹਮਦਰਦੀ ਬਹੁਤਾ ਪ੍ਰਭਾਵ ਨਹੀਂ ਦਿਖਾ ਸਕੀ ਜਾਪਦੀ ਹੈ। 
ਕੁੱਲ ਮਿਲਾ ਕਿ ਕਿਹਾ ਜਾ ਸਕਦਾ ਹੈ ਕਿ ਇਸ ਮੁੱਦੇ ਤੇ ਆਉਂਦੇ ਦਿਨਾਂ ਵਿੱਚ ਬਹੁਤ ਕੁਝ ਦੇਖਣ ਸੁਣਨ ਨੂੰ ਮਿਲੇਗਾ ਲੇਕਿਨ ਬੰਦ ਦੇ ਪ੍ਰਭਾਵ ਬਾਰੇ ਬਹੁਤ ਘੱਟ ਲੋਕ ਵਿਚਾਰ ਕਰਦੇ ਮਿਲਣਗੇ। 

Loading

Leave a Reply