ਅੱਜ ਦੇ ਦਿਨ :5-5-1723 ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ।1818 ਪ੍ਰਸਿੱਧ ਮਜ਼ਦੂਰ ਜਮਾਤ ਦੇ ਮਸੀਹਾ ਲੇਖਕ ਕਾਰਲ ਮਾਰਕਸ ਦਾ ਜਨਮ।1821 ਨੈਪੋਲੀਅਨ ਬੈਨਾਪੋਰਟ ਦਾ ਸੈਂਟਹਲੀਨਾ ਟਾਪੂ ਤੇ ਦਿਹਾਂਤ।1912 ਰੂਸ ਦਾ ਅਖਬਾਰ ਪਰਾਵਦਾ ਨਿਕਲਣਾ ਸ਼ੁਰੂ ਹੋਇਆ।1916 ਕ੍ਰਾਂਤੀਕਾਰੀ ਬਿਸਮਿਲ ਕੋਟੀ ਦਾ ਸੰਧਵਾਂ, ਫਰੀਦਕੋਟ ਵਿੱਚ ਜਨਮ।1984 ਮਾਉਂਟ ਐਵਰਸਟ ਚੋਟੀ ਤੇ ਫੂ ਡੌਰ ਜੀ ਬਿਨਾ ਆਕਸੀਜਨ ਤੋਂ ਚੜਿਆ। National Space Day.
ਕਾਰਲ ਮਾਰਕਸ
ਜਦ ਤੋਂ ਮਨੁੱਖ ਨੇ ਸੋਚਣਾ ਵਿਚਾਰਣਾ ਸ਼ੁਰੂ ਕੀਤਾ ਹੈ,ਉਦੋਂ ਤੋਂ ਹੀ ਉਹ ਇਸ ਸੁਆਲ ਤੋਂ ਪ੍ਰੇਸ਼ਾਨ ਰਿਹਾ ਹੈੰ ਕਿ ਸੰਸਾਰ ਕੀ ਹੈ ? ਕਿਥੋਂ ਤੇ ਕਿਵੇਂ ਪੈਦਾ ਹੋਇਆ ? ਇਨਾਂ ਸੁਆਲਾਂ ਤੇ ਵਿਚਾਰ ਕਰਨ ਵਾਲੇ ਨੂੰ ਦਾਰਸ਼ਨਿਕ ਕਹਿਆ ਜਾਂਦਾ ਹੈ।ਕਾਰਲ ਮਾਰਕਸ ਇਕ ਦਾਰਸ਼ਨਿਕ ਸੀ।ਇਸ ਤੋਂ ਵੀ ਵੱਧ ਕੇ ਉਸਨੇ ਆਪਣਾ ਜੀਵਨ ਗਰੀਬੀ ਦੀ ਸਮੱਸਿਆ ਦੇ ਹੱਲ ਪਿੱਛੇ ਲਾ ਦਿਤਾ।ਗਰੀਬੀ ਸੰਸਾਰ ਵਿੱਚ ਗੁਲਾਮੀ ਤੇ ਰੋਗਾਂ ਦੀ ਜੜ ਹੈ। ਮਾਰਕਸ ਦਾ ਜਨਮ 5-5-1818 ਨੂੰ ਪਹਿਲਾਂ ਜਰਮਨ ਦੇ ਕਸਬੇ ਟਰੋਵੇਜ਼ ਵਿੱਚ ਹੋਇਆ।ਇਸਦੇ ਪਿਤਾ ਵਕੀਲ ਸਨ ਜੋ ਯਹੂਦੀ ਤੋਂ ਈਸਾਈ ਹੋ ਗਏ ਸਨ।ਉਸਦਾ ਪਿਤਾ ਕਾਰਲ ਨੂੰ ਵਕਾਲਤ ਕਰਾਉਣਾ ਚਾਹੁੰਦਾ ਸੀ ਪਰ ਉਸਨੇ ਪੁੱਤਰ ਨੂੰ ਰਾਜਨੀਤਿਕ ਚਿੰਤਨ ਅਤੇ ਫਿਲਾਸਫੀ ਦੇ ਕੰਡਿਆਲੇ ਰਾਹ ਵਿੱਚ ਭਟਕਦੇ ਵੇਖ ਕੇ ਉਸਦੇ ਪਿਤਾ ਨੂੰ ਬਹੁਤ ਦੁਖ ਹੋਇਆ।ਕਾਰਲ ਵੀ ਆਪਣੇ ਮਾਤਾ ਪਿਤਾ ਦੇ ਦਿਲਾਂ ਨੂੰ ਦੁੱਖ ਦੇਣ ਪਰ ਸੰਸਾਰ ਨੂੰ ਮਹਾਨ ਸੁੱਖ ਦਾ ਸੰਦੇਸ਼ ਦੇਣ ਲਈ ਪੈਦਾ ਹੋਇਆ ਸੀ।1843 ਵਿੱਚ ਉਸਨੇ ਬਚਪਣ ਦੀ ਸਾਥਣ ਜੈਨੀ ਨਾਲ ਪ੍ਰੇਮ ਵਿਆਹ ਕਰ ਲਿਆ ਜੋ ਅਮੀਰ ਘਰਾਣੇ ਦੀ ਧੀ ਸੀ ਤੇ ਕਾਰਲ ਇਕ ਕੰਗਾਲ ਗਰੈਜੂਏਟ ਸੀ।ਕਾਰਲ ਨੇ 1842 ਵਿੱਚ ਸਿਆਸੀ ਪੱਤਰਕਾਰ ਦੇ ਰੂਪ ਵਿੱਚ ਆਪਣੇ ਜੀਵਨ ਦਾ ਸਫਰ ਸ਼ੁਰੂ ਕੀਤਾ,ਛੇਤੀ ਹੀ ਉਹ ‘ਗਈਨਸ਼ੇ ਤਜਾਈਤੁੰਡੇ’ ਦਾ ਸੰਪਾਦਕ ਬਣ ਗਿਆ ਪਰ 1843 ਵਿੱਚ ਪੁਲਿਸ ਨੇ ਬੰਦ ਕਰਾ ਦਿਤੀ।ਫਰਾਂਸ ਵਿੱਚ ਜਾ ਕੇ ‘ਵਾਰਵਰਤਸ’ ਪੱਤਰਕਾ ਕੱਢੀ ਤੇ 1845 ਵਿੱਚ ਉਥੋਂ ਦੇ ਪ੍ਰਧਾਨ ਮੰਤਰੀ ਗਿਜ਼ੋ ਨੇ ਬੰਦ ਕਰਾ ਦਿਤੀ ਤੇ ਦੇਸ਼ ‘ਚੋਂ ਬਾਹਰ ਕੱਢ ਦਿੱਤਾ ਤੇ ਉਹ ਬਰਸਲਜ ਚਲਾ ਗਿਆ।ਉਥੋਂ ਦੀਆਂ ਕਮਿਉਨਿਸਟ ਸੰਸਥਾਵਾਂ ਨੂੰ ਇਕੱਠੇ ਕਰਕੇ ਫਰੈਡਿਕ ਏਂਗਲਜ ਨਾਲ ਮਿਲ ਕੇ ਕਮਿਉਨਿਸਟ ਲੀਗ ਦੀ ਸਥਾਪਨਾ ਕੀਤੀ।24-2-1848 ਨੂੰ ਇਤਿਹਾਸਕ ਦਸਤਾਵੇਜ ” ਕਮਿਉਨਿਸਟ ਮੈਨੀਫੈਸਟੋ” ਉਨਾਂ ਦੋਹਾਂ ਨੇ ਛਪਵਾਇਆ।ਬੈਲਜੀਅਮ ਦੀ ਸਰਕਾਰ ਨੇ ਮਜਦੂਰਾਂ ਵਿੱਚ ਫੈਲ ਰਹੇ ਕਮਿਉਨਿਜ਼ਮ ਵਿਚਾਰਾਂ ਤੋਂ ਘਬਰਾ ਕੇ ਮਾਰਕਸ ਨੂੰ ਦੇਸ਼ ਨਿਕਾਲਾ ਦੇ ਦਿੱਤਾ।ਕੁਝ ਸਮਾਂ ਜਰਮਨੀ ਤੇ ਫਰਾਂਸ ਵਿੱਚ ਰਹਿਣ ਪਿੱਛੋ ਲੰਡਨ ਚਲੇ ਗਏ।ਉਨਾਂ ਦੀ ਆਰਥਿਕ ਹਾਲਤ ਬਹੁਤ ਮਾੜੀ ਹੋ ਗਈ।ਇਨਾਂ ਮੁਸ਼ਕਲਾਂ ਦੇ ਬਾਵਜੂਦ ਲੰਡਨ ਦੇ ਮਜਦੂਰਾਂ ਵਿੱਚ ਅਰਥ ਸ਼ਾਸਤਰ ਤੇ ਭਾਸ਼ਣ ਕਰਦਾ।ਜਰਮਨੀ ਦੇ ਪ੍ਰਧਾਨ ਮੰਤਰੀ ਬਿਸਮਾਰਕ ਨੇ ਗੁਪਤ ਰੂਪ ਵਿੱਚ ਰਿਸ਼ਵਤ ਦੇਣੀ ਚਾਹੀ ਕਿ ਉਹ ਮਜਦੂਰਾਂ ਦੇ ਅੰਦੋਲਨ ਤੋਂ ਵੱਖ ਹੋ ਜਾਵੇ ਪਰ ਉਹ ਨਾ ਮੰਨਿਆ।ਉਸਨੇ 1846 ਵਿੱਚ ‘ਇੰਟਰਨੈਸ਼ਨਲ ਵਰਕਿੰਗ ਮੈਨਜ ਐਸੋਸ਼ੀਸਨ’ ਬਣਾਈ ਜਿਸ ਦਾ ਛੇ ਸੱਤ ਸਾਲ ਯੂਰਪ ਵਿੱਚ ਕਾਫੀ ਅਸਰ ਰਿਹਾ।ਉਸਦਾ ਨਾਹਰਾ ਸੀ “ਦੁਨੀਆ ਭਰ ਦੇ ਮਜ਼ਦੂਰੋਂ ਇਕ ਹੋ ਜਾਉ।” ਮਾਰਕਸ ਦਾ ਸਾਹਿਤਕ ਕੰਮ ਬਹੁਤ ਵੱਡਾ ਸੀ।ਉਸਨੇ ‘ਕੀਮਤ, ਮਲ ਅਤੇ ਮੁਨਾਫਾ’, ‘ਰਾਜਨੀਤਿਕ ਅਰਥ ਸ਼ਾਸਤਰ ਦਾ ਅਧਿਐਨ’ ਤੇ ਸਭ ਤੋਂ ਵੱਡੀ ਮਹਾਨ ਕਿਰਤ ‘ਦਾਸ ਕੈਪੀਟਲ’ ਲਿਖੀ ਸੀ ਜਿਸ ਨੂੰ ‘ਕਮਿਊਨਿਜਮ ਦੀ ਬਾਈਬਲ’ ਕਹਿੰਦੇ ਹਨ।ਉਦੋਂ ਤੋਂ ਲੈ ਕੇ ਹੁਣ ਤਕ ਮਾਰਕਸਵਾਦ ਹੁਣ ਤਕ ਇਕ ਤੋਂ ਦੂਜਾ ਤਾਂ ਦੂਜੇ ਤੋਂ ਤੀਜੇ ਤਕ (ਮਾਰਕਸਵਾਦ ਲੈਨਿਨਵਾਦ ਮਾੳਵਾਦ) ਵਿਕਸਤ ਹੋਇਆ ਹੈ।1881 ਵਿੱਚ ਉਸਦੀ ਪਤਨੀ ਤੇ 14-3-1883 ਨੂੰ ਉਹ ਆਪ ਚੱਲ ਵਸਿਆ।ਕੁਝ ਸਾਲ ਪਹਿਲਾਂ ਮੰਗ ਉਠੀ ਕਿ ਉਸ ਦੀ ਯਾਦਗਾਰ ਬਣਾਈ ਜਾਵੇ ਪਰ ਉਸਦੇ ਸ਼ਗਿਰਦ ਨੇ ਲਿਖਿਆ ਸੀ,” ਮਾਰਕਸ ਦੀ ਯਾਦਗਾਰ ਮੌਜੂਦ ਹੈ, ਪਰਤੂੰ ਇਹ ਪਿਤਲ ਵਰਗੀਆਂ ਧਾਤਾਂ ਜਾਂ ਪੱਥਰਾਂ ਦੀ ਸ਼ਕਲਾਂ ਵਿੱਚ ਨਹੀਂ ਸਗੋਂ ਇਹ ਮਨੁੱਖਾਂ ਦੇ ਦਿਲਾਂ ਵਿੱਚ ਹੈ।ਸਮੁੱਚਾ ਅੰਤਰਰਾਸ਼ਟਰੀ ਕਮਿਉਨਿਸਟ ਅੰਦੋਲਨ ਉਹਦਾ ਹੀ ਅੰਦੋਲਨ ਹੈ ਅਤੇ ਸਮਾਜਵਾਦੀਆਂ ਸ਼ਕਤੀਆਂ ਦੀ ਹਰ ਨਵੀਂ ਜਿੱਤ ਉਹਨੂੰ ਉਚਾ ਚੁੱਕ ਰਹੀ ਹੈ।”
ਸਿੱਖ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ
ਦਾ ਜਨਮ 5 ਮਈ 1723 ਨੂੰ ਮਾਤਾ ਗੰਗੋ ਤੇ ਪਿਤਾ ਭਗਵਾਨ ਸਿੰਘ ਦੇ ਘਰ,ਪਿੰਡ ਈਚੋਗਿਲ ਜਿਲਾ ਲਾਹੌਰ ਵਿਖੇ ਹੋਇਆ।ਉਨਾਂ ਪਿਤਾ ਕੋਲੋਂ ਧਾਰਮਿਕ ਵਿਦਿਆ ਪ੍ਰਾਪਤ ਕੀਤੀ।ਉਹ ਉਸਨੂੰ ਤਰਖਾਣ ਦੇ ਕੰਮ ਵਿੱਚ ਪਾਉਣਾ ਚਾਹੁੰਦੇ ਸਨ ਪਰ ਉਨਾਂ ਇਸ ਕੰਮ ਵਿੱਚ ਕੋਈ ਰੁੱਚੀ ਨਹੀਂ ਲਈ।ਨਾਦਰ ਸ਼ਾਹ ਦੇ ਹਮਲੇ ਕਾਰਨ ਉਨਾਂ ਦੇ ਪਰਿਵਾਰ ਨੂੰ ਪਿੰਡ ਛੱਡਣਾ ਪਿਆ।ਜਦ ਜਕਰੀਆ ਖਾਨ ਨੂੰ ਪਤਾ ਲਗਾ ਕਿ ਨਾਦਰ ਸ਼ਾਹ ਹਮਲਾ ਕਰਨ ਆ ਰਿਹਾ ਤਾਂ ਉਸਨੇ ਸਿੱਖਾਂ ਨਾਲ ਸਮਝੌਤਾ ਕਰ ਲਿਆ।ਨਾਦਰ ਸ਼ਾਹ ਖਿਲਾਫ ਜੱਸਾ ਸਿੰਘ ਤੇ ਭਗਵਾਨ ਸਿੰਘ ਸਮੇਤ ਸਿੱਖ ਉਸਦੀ ਫੌਜ ਵਿੱਚ ਭਰਤੀ ਹੋ ਗਏ।1739 ਵਿਚ ਵਜੀਰਾਬਾਦ, ਗੁਜਰਾਂਵਾਲਾ ਵਿਖੇ ਨਾਦਰ ਸ਼ਾਹ ਨਾਲ ਹੋਈ ਲੜਾਈ ਵਿੱਚ ਭਗਵਾਨ ਸਿੰਘ ਸ਼ਹੀਦ ਹੋ ਗਏ ਤੇ ਜੱਸਾ ਸਿੰਘ ਨੇ ਛੋਟੀ ਉਮਰ ਵਿੱਚ ਆਪਣੀ ਬਹਾਦਰੀ ਦੇ ਜੌਹਰ ਵਿਖਾਏ।ਇਸ ਬਹਾਦਰੀ ਬਦਲੇ ਜਕਰੀਆ ਖਾਂ ਨੇ ਰਸਾਲਦਾਰ ਦੀ ਪਦਵੀ ਤੇ ਪਿੰਡ ਵਲਾ ਦਿੱਤਾ।ਜਲੰਧਰ ਦੇ ਫੌਜਦਾਰ ਅਦੀਨਾ ਬੇਗ ਨੇ ਜੱਸਾ ਸਿੰਘ ਦੀ ਬਹਾਦਰੀ ਨੂੰ ਵੇਖਦੇ ਹੋਏ ਬੜੀ ਚਲਾਕੀ ਨਾਲ ਆਪਣੀ ਫੌਜ ਵਿੱਚ 500 ਘੋੜ ਸਵਾਰ ਦੇ ਕੇ ਆਗੂ ਬਣਾ ਦਿਤਾ।1748 ਵਿਚ ਦਰਬਾਰ ਸਾਹਿਬ, ਅੰਮ੍ਰਿਤਸਰ ਦੀ ਰਾਖੀ ਲਈ ਸਿੱਖਾਂ ਨੇ ਰਾਮ ਰੌਣੀ ਦਾ ਕਿਲਾ ਬਣਾਇਆ।ਮੀਰ ਮੰਨੂ ਨੇ ਗੱਦੀ ਕਾਇਮ ਰੱਖਣ ਲਈ ਸਿੱਖਾਂ ਦਾ ਕਤਲੇਆਮ ਕਰਨਾ ਸ਼ੁਰੂ ਕੀਤਾ ਤਾਂ ਕੁਝ ਜੰਗਲਾਂ ਵੱਲ ਚਲੇ ਗਏ ਤੇ 500 ਦੇ ਕਰੀਬ ਰਾਮ ਰੌਣੀ ਕਿਲੇ ਵਿਚ ਆ ਗਏ ਜਿਥੇ ਮੀਰ ਮੰਨੂ ਦੇ ਕਹਿਣ ਤੇ ਅਦੀਨਾ ਬੇਗ ਜੱਸਾ ਸਿੰਘ ਰਾਮਗੜੀਆ ਸਮੇਤ ਆਪਣੀ ਫੌਜ ਨਾਲ ਮੁਕਾਬਲਾ ਕਰਨ ਲਗੇ।ਛੇ ਮਹੀਨੇ ਘੇਰਾ ਪੈਣ ਤੇ ਅੰਦਰ ਸਿੱਖਾਂ ਦੀ ਹਾਲਤ ਮਾੜੀ ਹੋ ਗਈ ਤੇ ਜੱਸਾ ਸਿੰਘ ਆਪਣੇ ਸਾਥੀਆਂ ਸਮੇਤ ਅਦੀਨਾ ਬੇਗ ਦਾ ਸਾਥ ਛਡ ਕੇ ਸਿੱਖ ਫੌਜ ਨਾਲ ਆ ਰਲਿਆ ਤੇ ਮੁਗਲਾਂ ਨੂੰ ਸਮਝੌਤਾ ਕਰਨ ਲਈ ਮਜਬੂਰ ਕਰ ਦਿਤਾ।ਇਸ ਕਿਲੇ ਦਾ ਨਾਂ ਬਾਅਦ ਵਿੱਚ ਰਾਮਗੜ ਰੱਖਿਆ ਗਿਆ।ਕਿਲੇ ਦੀ ਜਥੇਦਾਰੀ ਮਿਲਣ ਕਰਕੇ ਇਨਾਂ ਦੇ ਨਾਂ ਨਾਲ ਰਾਮਗੜੀਆ ਜੁੜ ਗਿਆ।ਨੰਦ ਸਿੰਘ ਸਿੰਘਾਣੀਆ ਦੀ ਮਿਸਲ ਸੀ ਉਸਦੀ ਮੌਤ ਤੋਂ ਬਾਅਦ ਜੱਸਾ ਸਿੰਘ ਦੇ ਮਿਸਲ ਮੁੱਖੀ ਬਨਣ ਤੇ ਰਾਮਗੜੀਆ ਮਿਸਲ ਬਣ ਗਈ।ਜੱਸਾ ਸਿੰਘ ਨੇ 300 ਕਿਲੇ,ਰਾਮ ਗੜੀਆ ਬੂੰਗਾ ਤੇ ਦੋ ਮੀਨਾਰ ਬਣਵਾਏ।ਜੱਸਾ ਸਿੰਘ ਆਹਲੂਵਾਲੀਆ ਦੀ ਰਾਮਗੜੀਆ ਹਥੋਂ ਗਿਰਫਤਾਰੀ ਨੇ ਦੂਜੀਆਂ ਮਿਸਲਾਂ ਨੂੰ ਇਕੱਠਾ ਕਰ ਦਿਤਾ।ਉਨਾਂ ਨੇ ਇਕੱਠੇ ਹੋ ਕੇ ਰਾਮਗੜੀਆ ਦੇ ਇਲਾਕਿਆਂ ਤੇ ਕਬਜ਼ਾ ਕਰ ਲਿਆ।ਰਾਮਗੜੀਆ ਆਪਣੇ ਚੌਣਵੇ ਸਾਥੀਆਂ ਨਾਲ ਸਤਲੁਜ ਪਾਰ ਚਲਾ ਗਿਆ।11 ਮਾਰਚ 1783 ਨੂੰ ਦਿੱਲੀ ਤੇ ਹਮਲਾ ਕੀਤਾ ਇਕ ਪਾਸੇ ਜੱਸਾ ਸਿੰਘ ਆਹਲੂਵਾਲੀਆ,ਬਘੇਲ ਸਿੰਘ ਤੇ ਜੱਸਾ ਸਿੰਘ ਰਾਮਗੜ੍ਹੀਆ ਨੇ ਫੌਜਾਂ ਨਾਲ ਮੁਗਲ ਬਾਦਸ਼ਾਹ ਨੂੰ ਭਜਾ ਕੇ ਕਬਜਾ ਕਰਕੇ ਲਾਲ ਕਿਲੇ ਉਪਰ ਕੇਸਰੀ ਝੰਡਾ ਲਹਿਰਾ ਦਿਤਾ।ਰਾਮਗੜੀਆ ਮੁਗਲਾਂ ਦੀ ਤਾਜਪੋਸ਼ੀ ਵਾਲੀ ਸਿਲ ਤੇ ਬਰਾਂਦਰੀ ਦੇ 44 ਥੰਮ ਪੁਟ ਕੇ ਨਾਲ ਲੈ ਆਏ ਜੋ ਰਾਮਗੜੀਆ ਬੂੰਗਾ,ਅੰਮ੍ਰਿਤਸਰ ਵਿਚ ਹਨ।8 ਅਗਸਤ 1803 ਨੂੰ ਜੱਸਾ ਸਿੰਘ ਰਾਮਗੜੀਆ ਆਪਣੀ ਰਾਜਧਾਨੀ ਹਰਗੋਬਿੰਦ ਪੁਰ ਵਿਖੇ ਬਿਮਾਰ ਰਹਿਣ ਮਗਰੋਂ ਸਦਾ ਲਈ ਚਲੇ ਗਏ।
ਮੁਖਵਿੰਦਰ ਸਿੰਘ ਚੋਹਲਾ
![]()
