ਕੀ ਜਿੰਪਾ ਨੂੰ ਹੁਸ਼ਿਆਰਪੁਰ ਵਿਧਾਨ ਸਭਾ ਹਲਕੇ ਤੋਂ ਮਿਲ ਗਿਆ ਟਿਕਟ ਦਾ ਥਾਪੜਾ? -ਆਪ ਵਿੱਚ ਮੈਂ ਜਾਂ ਆਪ ਦੀ ਦੇਖਣਯੋਗ ਬਣੇਗੀ ਕਹਾਣੀ


ਹਰਜਿੰਦਰ ਹਰਗੜੀਆ, ਹੁਸ਼ਿਆਰਪੁਰ- ਇਨਕਲਾਬੀ ਬੁਲੇਟਿਨ ਲਈ
2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਪਰਮਜੀਤ ਸਚਦੇਵਾ ਵੱਲੋਂ ਟਿਕਟ ਵਿੱਚ ਬਾਜ਼ੀ ਮਾਰਨ ਤੇ ਚੋਣਾਂ ਉਪਰੰਤ ਖਹਿਰਾ ਧੜੇ ਨਾਲ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਆਖੀ ਅਲਵਿਦਾ ਤੋਂ ਬਾਅਦ ਹੁਸ਼ਿਆਰਪੁਰ ਵਿਧਾਨ ਸਭਾ ਹਲਕੇ ਤੋਂ ਆਪ ਦੀ ਟਿਕਟ ਲਈ ਨਿੱਤ ਨਵੇਂ ਸਮੀਕਰਨ ਬਦਲਦੇ ਰਹੇ ਹਨ ਤੇ ਕਦੇ ਕੋਈ ਤੇ ਕਦੇ ਕੋਈ ਚਿਹਰਾ ਸਾਹਮਣੇ ਆਉਂਦਾ ਰਿਹਾ ਹੈ।
2019 ਦੀਆਂ ਲੋਕ ਸਭਾ ਚੋਣਾਂ ਦੇ ਆਸ ਪਾਸ ਦੀ ਗੱਲ ਕਰੀਏ ਤਾਂ ਸੰਦੀਪ ਸੈਣੀ, ਸਤਵੰਤ ਸਿੰਘ ਸਿਆਣ, ਜਸਪਾਲ ਚੇਚੀ ਤੇ ਅਜੇ ਵਰਮਾ ਦੀ ਚੌਕੜੀ ਦਾ ਪੂਰਾ ਦਬਦਬਾ ਸੀ ਤੇ ਬਾਕੀ ਛੋਟੇ ਮੋਟੇ ਅਹੁਦੇਦਾਰ ਜਾਂ ਵਲੰਟੀਅਰ ਲਗਭਗ ਖੁੱਡੇ ਲਾਈਨ ਹੀ ਲੱਗੇ ਹੋਏ ਸਨ। ਫਿਰ ਇਹਨਾਂ ਚਾਰਾਂ ਵਿੱਚੋਂ ਇੱਕ ਵਿਸ਼ੇਸ਼ ਦੀ ਬਾਕੀਆਂ ਨਾਲ ਕਿਸੇ ਗੱਲੋਂ ਮਨ ਮੁਟਾਅ ਦੇ ਚਲਦਿਆਂ ਦੂਰੀ ਬਣ ਗਈ। ਜਸਪਾਲ ਚੇਚੀ ਨੇ ਵੀ ਨਗਰ ਕੌਂਸਲ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਸ਼ਹਿਰ ਵਿੱਚ ਖੂਬ ਫਲੈਕਸ ਲਗਵਾਏ ਸਨ। ਇਹਨਾਂ ਹੀ ਦਿਨਾਂ ਵਿੱਚ ਹੁਸ਼ਿਆਰਪੁਰ ਨਗਰ ਨਿਗਮ ਦੀ ਹੌਟ ਸੀਟ ਵਾਰਡ ਨੰਬਰ 6 ਤੋਂ ਕਾਂਗਰਸ ਤੋਂ ਬਾਗੀ ਹੋ ਕੇ ਆਜ਼ਾਦ ਚੋਣ ਲੜਨ ਵਾਲੇ ਬ੍ਰਹਮ ਸ਼ੰਕਰ ਜਿੰਪਾ ਨੇ 500 ਤੋਂ ਵਧੇਰੇ ਵੋਟਾਂ ਨਾਂਲ ਜਿੱਤ ਪ੍ਰਾਪਤ ਕੀਤੀ।
ਜਿੰਪਾ ਨੇ ਕਾਂਗਰਸ ਵਿੱਚ ਵਾਪਸੀ ਦੇ ਬੰਦ ਦਰਵਾਜ਼ੇ ਨੂੰ ਦੇਖਦੇ ਹੋਏ ਆਪਣੇ ਸਰੋਤਾਂ ਨਾਲ ਆਪ ਵਿੱਚ ਐਂਟਰੀ ਕਰ ਲਈ। ਇੱਥੇ ਇਹ ਦੇਖਣ ਵਾਲੀ ਗੱਲ ਸੀ ਕਿ ਜਿੰਪਾ ਦੇ ਆਪ ਵਿੱਚ ਆਉਣ ਮੌਕੇ ਕੋਈ ਵੀ ਸਥਾਨਿਕ ਆਗੂ ਉਸ ਨਾਲ ਨਹੀਂ ਸੀ ਉਸਦੀ ਐਂਟਰੀ ਵੰਨ ਮੈਨ ਆਰਮੀ ਵਰਗੀ ਸੀ। ਫਿਰ ਜਿੰਪਾ ਦੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਵੀ ਹੋ ਗਈ।
ਕੁਝ ਦਿਨਾਂ ਬਾਅਦ ਹੀ ਜਿਥੇ ਹੁਸ਼ਿਆਰਪੁਰ ਵਿਧਾਨ ਸਭਾ ਦੀ ਆਪ ਲੀਡਰਸ਼ਿਪ ਵਿੱਚ ਵੱਡਾ ਫੇਰਬਦਲ ਹੋ ਗਿਆ ਉਥੇ ਹੀ ਜਿੰਪਾ ਨੇ ਸ਼ਹਿਰ ਦੇ ਵਿਚ ਥਾਂ ਥਾਂ ਤੇ ਕੰਧਾਂ ਤੇ ਆਪਣੇ ਇਸ਼ਤਿਹਾਰ ਲਗਵਾ ਦਿੱਤੇ।
ਅੱਜ ਦੀ ਗੱਲ ਕਰੀਏ ਤਾਂ ਆਪ ਵੱਲੋਂ ਵੋਟਾਂ ਤੋਂ ਪਹਿਲਾਂ ਥਾਪੇ ਜਾ ਰਹੇ ਵਿਧਾਨ ਸਭਾ ਹਲਕਿਆਂ ਤੋਂ ਬਹੁਤੀ ਸਥਿਤੀ ਤਾਂ ਸਾਫ਼ ਹੋਣ ਲਗ ਪਈ ਹੈ ਕਿ ਪਾਰਟੀ ਦੇ ਚਹੇਤੇ ਦਾਅਵੇਦਾਰ ਕੌਣ ਹਨ। ਇਸ ਲਈ ਸੂਤਰਾਂ ਦੀ ਮੰਨੀਏ ਤਾਂ ਜਿੰਪਾ ਨੂੰ ਪਾਰਟੀ ਹਾਈਕਮਾਂਡ ਵੱਲੋਂ ਅਗਲੀ ਉਮੀਦਵਾਰੀ ਲਈ ਹਾਲ ਦੀ ਘੜੀ ਥਾਪੜਾ ਮਿਲ ਗਿਆ ਲੱਗਦਾ ਹੈ।
ਹੁਣ ਦੇਖਣ ਵਾਲੀ ਗੱਲ ਹੈ ਕਿ ਕੁਝ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਹੀ ਪਾਰਟੀ ਵਿੱਚ ਸ਼ਾਮਲ ਹੋਏ ਜਿੰਪਾ ਨੂੰ ਪਾਰਟੀ ਨੇ ਟਿਕਟ ਵੀ ਦੇ ਦਿੱਤੀ ਤਾਂ ਸੰਦੀਪ ਸੈਣੀ ਅਤੇ ਉਨ੍ਹਾਂ ਦੇ ਧੜੇ ਦਾ ਰੁੱਖ ਕੀ ਹੋਵੇਗਾ ਕਿਉਂਕਿ ਇਹ ਸਭ ਲੋਕਾਂ ਨੂੰ ਯਾਦ ਹੀ ਹੈ ਕਿ ਜਦੋਂ ਪਾਰਟੀ ਨੇ 2017 ਵਿੱਚ ਵੀ ਕੁਝ ਮਹੀਨੇ ਪਹਿਲਾਂ ਪਰਮਜੀਤ ਸਚਦੇਵਾ ਨੂੰ ਪਾਰਟੀ ਦੀ ਟਿਕਟ ਦਿੱਤੀ ਸੀ ਤਾਂ ਸਚਦੇਵਾ ਦਾ ਵਿਰੋਧ ਕਰਨ ਵਾਲਿਆਂ ਵਿੱਚੋਂ ਸੰਦੀਪ ਸੈਣੀ ਵੀ ਇੱਕ ਸਨ ਤੇ ਉਨਾਂ ਨੇ ਐਡਵੋਕੇਟ ਨਵੀਨ ਜੈਰਥ ਤੇ ਹੋਰਨਾਂ ਵੱਲੋਂ ਇਕ ਸਥਾਨਿਕ ਹੋਟਲ ਵਿਚ ਕੀਤੀ ਗਈ ਪ੍ਰੈਸ ਕਾਨਫਰੰਸ ਵਿੱਚ ਜੋਰਦਾਰ ਹਾਜ਼ਰੀ ਲਗਵਾਈ ਸੀ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਪਿਛਲੇ ਸਮੇਂ ਤੋਂ 2017 ਵਾਂਗ ਟਿਕਟ ਜਾਂ ਦਾਅਵੇਦਾਰੀ ਲਈ ਆਸਾਂ ਲਗਾਈ ਬੈਠੇ ਲੋਕਾਂ ਲਈ ਜਿੰਪਾ ਵੱਲੋਂ ਸਚਦੇਵਾ ਵਾਂਗ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਕੀਤੀ ਐਂਟਰੀ ਤੇ ਮਿਲਦੇ ਅਹੁਦੇ ਹਜ਼ਮ ਕਰਨੇ ਕਿੰਨੇ ਕੁ ਆਸਾਨ ਹੋਣਗੇ ਜਾਂ ਪਾਰਟੀ ਫਿਰ 2017 ਵਿੱਚ ਆਪਣੀ ਡੁੱਬੀ ਕਿਸ਼ਤੀ ਵਾਂਗ ਹੀ ਇਸ ਵਾਰ ਵੀ ਆਪਣਿਆਂ ਵੱਲੋਂ ਕੀਤੇ ਵਿਰੋਧ ਦੇ ਭਾਰ ਨਾਲ ਹੀ ਆਪਣੀ ਬੇੜੀ ਡੋਬ ਲਵੇਗੀ।
ਲੇਕਿਨ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਕਥਿਤ ਤੌਰ ਤੇ ਸੰਦੀਪ ਸੈਣੀ ਧੜੇ ਵੱਲੋਂ ਪਿਛਲੀ ਵਾਰ ਚੋਣ ਲੜ ਚੁੱਕੇ ਪਰਮਜੀਤ ਸਚਦੇਵਾ ਨਾਲ ਵੀ ਰਾਬਤਾ ਕਾਇਮ ਕੀਤਾ ਗਿਆ ਹੈ। ਇਸਦੇ ਪਿੱਛੇ ਸਚਦੇਵਾ ਦੀ ਆਪ ਵਿੱਚ ਘਰ ਵਾਪਸੀ ਲਈ ਯਤਨ ਸੀ ਜਾਂ ਜਿੰਪਾ ਵੱਲੋਂ ਦਾਅਵੇਦਾਰ ਵਜੋਂ ਉਭਰਨ ਤੋਂ ਬਾਅਦ ਇਕ ਬਰਾਬਰ ਦਾ ਸਮੀਕਰਨ ਤਿਆਰ ਕਰਨਾ।
ਲੋਕਾਂ ਦੀ ਇਸ ਪਾਸੇ ਵੀ ਨਜ਼ਰ ਹੈ ਕਿ ਸੰਦੀਪ ਸੈਣੀ ਦਾ ਕਥਿਤ ਤੌਰ ’ਤੇ ਪੱਖ ਪੂਰਦੇ ਵਲੰਟੀਅਰ ਕਿਹੜੀ ਕਰਵਟ ਬੈਠਣਗੇ ?
ਲੇਕਿਨ ਹਾਲ ਦੇ ਤਾਜ਼ਾ ਸਮੀਕਰਨ ਦੇਖੇ ਜਾਣ ਤਾਂ ਹੁਸ਼ਿਆਰਪੁਰ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਣਨ ਲਈ ਚਾਹਵਾਨ ਕੀ 2017 ਦੀ ਕਹਾਣੀ ਦੁਹਰਾਉਣਗੇ ਜਾਂ ਪਾਰਟੀ ਵੱਲੋਂ ਕੀਤੇ ਫੈਸਲੇ ਤੇ ਫੁੱਲ ਚੜਾਉਣਗੇ ਇਹ ਆਉਂਦੇ ਦਿਨਾਂ ਵਿੱਚ ਦਿਲਚਸਪ ਕਹਾਣੀ ਬਣੇਗੀ।

Loading

Leave a Reply