
ਇਨਕਲਾਬੀ ਬੁਲੇਟਿਨ ਲਈ ਫਗਵਾੜਾ/ਐਸਬੀਐਸ ਨਗਰ ਤੋਂ ਹਰਜਿੰਦਰ ਹਰਗੜੀਆ (8198868001)
ਫਗਵਾੜਾ ਸ਼ਹਿਰ ਦੇ ਨੇੜਲਾ ਤੇ ਐਸਬੀਐਸ ਨਗਰ ਜ਼ਿਲੇ ‘ਚ ਪੈਂਦੇ ਪਿੰਡ ਖੋਥੜਾਂ ਕਲਾਂ ਦਾ ਨੌਜਵਾਨ ਮਨੀ ਮਹਿਤਾ ਡਿਜ਼ੀਟਲ ਯੁੱਗ ਵਿਚ ਵੀ ਕੋਮਲ ਕਲਾਵਾਂ ਨੂੰ ਆਪਣਾ ਜਨੂੰਨ ਬਣਾ ਕੇ ਜਿੰਦਗੀ ਬਤੀਤ ਕਰ ਰਿਹਾ ਹੈ। ਮਨੀ ਮਹਿਤਾ ਦੀ ਚਿੱਤਰਕਾਰੀ ਅੱਜ ਪੰਜਾਬ ਦੇ ਕਰੀਬਨ 300 ਤੋਂ ਵਧੇਰੇ ਸਕੂਲਾਂ ਦੀਆਂ ਕੰਧਾਂ ਤੇ ਇਮਾਰਤਾਂ ਨੂੰ ਬੇਹੱਦ ਖੂਬਸੂਰਤ ਬਣਾ ਚੁੱਕੀ ਹੈ। ਉਕਤ ਸਕੂਲਾਂ ਦੀਆਂ ਕੰਧਾਂ ਤੇ ਰੰਗ ਬਿਰੰਗੇ ਚਿੱਤਰ ਹੋਣ, ਪੜਾਈ ਨਾਲ ਸਬੰਧਿਤ ਲਿਖਾਵਟ ਹੋਵੇ, ਮੋਟੋ ਹੋਣ ਗੱਲ ਕੀ ਮਨੀ ਦੀ ਚਿੱਤਰਕਾਰੀ ਸਕੂਲਾਂ ਨੂੰ ਇੱਕ ਅਤਿ ਖੂਬਸੂਰਤ ਦਿੱਖ ਬਣਾ ਦਿੰਦੀ ਹੈ।
ਦੱਸਣਾ ਬਣਦਾ ਹੈ ਕਿ ਪਿਤਾ ਅਨਿਲ ਮਹਿਤਾ ਤੇ ਮਾਤਾ ਪੂਨਮ ਮਹਿਤਾ ਦਾ ਲਾਡਲਾ ਪੁੱਤਰ ਮਨੀ 12ਵੀਂ ਕਲਾਸ ਤੱਕ ਪੜਿ•ਆ ਹੈ। ਮਨੀ ਦਾ ਕਹਿਣਾ ਹੈ ਬਚਪਨ ਤੋਂ ਹੀ ਉਸਨੂੰ ਚਿੱਤਰਕਾਰੀ ਦਾ ਸ਼ੌਕ ਸੀ ਜਿਸਦੇ ਚਲਦਿਆਂ ਸਕੂਲ ਸਮਾਗਮਾਂ ਤੇ ਧਾਰਮਿਕ ਤਿਓਹਾਰਾਂ ਮੌਕੇ ਚਿੱਤਰ ਬਣਾਉਂਦਾ ਰਹਿੰਦਾ ਸੀ। ਉਕਤ ਬਣਾਏ ਚਿੱਤਰਾਂ ਨੂੰ ਉਹ ਆਪਣੇ ਮਾਪਿਆਂ, ਆਂਢ ਗਵਾਂਡ ਦੇ ਲੋਕਾਂ ਤੇ ਸਕੂਲ ਅਧਿਆਪਕਾਂ ਨੂੰ ਦਿਖਾਉਂਦਾ ਵੀ ਰਹਿੰਦਾ ਸੀ। ਇਸ ਸ਼ੌਕ ਲਈ ਮਾਪਿਆਂ ਨੇ ਪੂਰੀ ਹੌਂਸਲਾ ਅਫ਼ਜਾਈ ਕੀਤੀ ਤੇ ਹੱਲਾਸ਼ੇਰੀ ਵੀ ਦਿੱਤੀ ਜਿਸ ਨਾਲ ਦਿਨੋ ਦਿਨ ਜਨੂੰਨ ਹੋਰ ਵੀ ਵਧਦਾ ਗਿਆ। ਮਨੀ ਮਹਿਤਾ ਦਾ ਕਹਿਣਾ ਹੈ ਕਿ ਪਤਨੀ ਅਨੂ ਮਹਿਤਾ ਦਾ ਵੀ ਪਿਛਲੇ ਸਾਲਾਂ ਤੋਂ ਜਿੰਦਗੀ ਵਿੱਚ ਵੱਡਾ ਸਹਿਯੋਗ ਰਿਹਾ ਹੈ ਜਿਸਨੇ ਉਸਦੀ ਕਲਾ ਨੂੰ ਹੋਰ ਵੀ ਨਿਖਾਰਨ ਵਿੱਚ ਹੌਂਸਲਾ ਅਫ਼ਜਾਈ ਕੀਤੀ ਹੈ।
ਭਰਾ ਦੀਪ ਦਾ ਵੱਡਮੁੱਲਾ ਸਾਥ
ਮਨੀ ਮਹਿਤਾ ਕਹਿਣਾ ਹੈ ਕਿ ਛੋਟੇ ਭਰਾ ਦੀਪ ਮਹਿਤਾ ਨਾਲ ਕੀਤੇ ਸੰਘਰਸ਼ ਦੇ ਦਿਨ ਵੀ ਉਸ ਲਈ ਸਦਾ ਪ੍ਰੇਰਨਾ ਸਰੋਤ ਰਹੇ ਹਨ ਤੇ ਆਪਣੇ ਭਰਾ ਨੂੰ ਆਪਣੇ ਦੋਸਤ ਤੇ ਹਮਦਰਦ ਦੇ ਰੂਪ ਵਿੱਚ ਦੇਖਦਾ ਹੈ।
1997 ਵਿੱਚ ਲੱਕੀ ਆਰਟ ਸਟੂਡੀਓ ਤੇ ਬਾਅਦ ਵਿੱਚ ਮਨਜੀਤ ਆਰਟ ਸਟੂਡੀਓ ਕੋਲੋਂ ਚਿੱਤਰਕਾਰੀ ਦੀਆਂ ਬਰੀਕੀਆਂ ਵੀ ਸਿੱਖੀਆਂ। ਕਰੀਬਨ 2000 ਸਾਲ ਤੋਂ ਚਿੱਤਰਕਾਰੀ ਦਾ ਕੰਮ ਸ਼ੁਰੂ ਕੀਤਾ ਜੋ ਨਿਰੰਤਰ ਜਾਰੀ ਹੈ।
ਲੋਕਾਂ ਦਾ ਅਥਾਹ ਪਿਆਰ ਮਿਲਿਆ
ਮਨੀ ਮਹਿਤਾ ਨੇ ਇਨਕਲਾਬੀ ਬੁਲੇਟਿਨ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸਨੂੰ ਆਪਣੀ ਚਿੱਤਰਕਾਰੀ ਵਿੱਚ ਮਾਪਿਆਂ ਦੇ ਪਿਆਰ ਨਾਲ ਲੋਕਾਂ ਦਾ ਵੀ ਬਹੁਤ ਪਿਆਰ ਮਿਲਿਆ ਹੈ। ਇਹੀ ਕਾਰਨ ਹੈ ਕਿ ਉਹ ਅੱਜ ਵੀ ਆਪਣੇ ਸ਼ੌਕ
ਨੂੰ ਹੀ ਕਿੱਤਾ ਬਣਾ ਕੇ ਉਸ ਨਾਲ ਆਪਣਾ ਤੇ ਆਪਣੇ ਪਰਿਵਾਰ ਦਾ ਜੀਵਨ ਨਿਰਵਾਹ ਕਰ ਰਿਹਾ ਹੈ।
ਸੁਪਨਾ
ਆਪਣੇ ਸੁਪਨੇ ਸਬੰਧੀ ਗੱਲਬਾਤ ਕਰਦਿਆਂ ਮਨੀ ਮਹਿਤਾ ਨੇ ਦੱਸਿਆ ਕਿ ਆਪਣੀ ਕਲਾ ਨੂੰ ਹੋਰ ਨਿਖਾਰਦੇ ਹੋਏ ਮਿਹਨਤ ਤੇ ਲਗਨ ਨਾਲ ਆਪਣਾ ਕੰਮ ਕਰਦੇ ਰਹਿਣਾ ਹੀ ਉਸਦਾ ਸੁਪਨਾ ਹੈ।
ਸੰਦੇਸ਼
ਸੰਦੇਸ਼ ਸਬੰਧੀ ਮਨੀ ਮਹਿਤਾ ਦਾ ਕਹਿਣਾ ਹੈ ਕਿ ਇਨਸਾਨ ਨੂੰ ਲਗਾਤਾਰ ਦ੍ਰਿੜ ਇਰਾਦੇ ਤੇ ਈਮਾਨਦਾਰੀ ਨਾਲ ਆਪਣਾ ਕੰਮ ਕਰਦੇ ਰਹਿਣਾ ਚਾਹੀਦਾ ਹੈ। ਫਿਰ ਇਨਸਾਨ ਜਿੰਦਗੀ ਵਿੱਚ ਹਰ ਸੁਪਨੇ ਨੂੰ ਸਾਕਾਰ ਕਰ ਸਕਦਾ ਹੈ।
ਤਸਵੀਰਾਂ ਦਾ ਵੇਰਵਾ
ਨੌਜਵਾਨ ਮਨੀ ਮਹਿਤਾ, ਇੱਕ ਸਕੂਲ ਦੀ ਕੰਧ ਤੇ ਚਿੱਤਰ ਬਣਾਉਂਦਾ ਹੋਇਆ ਮਨੀ ਤੇ ਮਨੀ ਮਹਿਤਾ ਵੱਲੋਂ ਸਜਾਈਆਂ ਗਈਆਂ ਵੱਖ ਵੱਖ ਸਕੂਲਾਂ ਦੀਆਂ ਕੰਧਾਂ/ਇਮਾਰਤਾਂ।
ਸਟੋਰੀ ਲਈ ਵਿਸ਼ੇਸ਼ ਧੰਨਵਾਦ ਰਮਨਦੀਪ ਸਿੰਘ ਧਾਮੀ
![]()
