‘ਇਨਕਲਾਬੀ ਬੁਲੇਟਿਨ’ ਲਈ ਹੁਸ਼ਿਆਰਪੁਰ ਤੋਂ ਹਰਜਿੰਦਰ ਹਰਗੜੀਆ
ਪਿਛਲੇ ਕਰੀਬਨ ਇੱਕ ਮਹੀਨੇ ਤੋਂ ਅਧਿਆਪਕਾਂ ਦੇ ਚੱਲ ਰਹੇ ਸੰਘਰਸ਼ ਤੇ ਯੂਨੀਅਨ ਆਗੂਆਂ ਦੀਆਂ ਬਦਲੀਆਂ ਦਾ ਦੌਰ ਲਗਾਤਾਰ ਜਾਰੀ ਹੈ। ਹੁਣ ਤਾਂ ਅਧਿਆਪਕਾਂ ਵਿੱਚ ਇੱਕ ਹੀ ਚਰਚਾ ਸੁਣਨ ਨੂੰ ਮਿਲਦੀ ਹੈ ਕਿ ਅੱਜ ਕਿਹੜੇ ਯੂਨੀਅਨ ਆਗੂ ਦੀ ਬਦਲੀ ਦੀ ਖ਼ਬਰ ਸੁਣਨ ਨੂੰ ਮਿਲੇਗੀ। ਇਸਦੇ ਨਾਲ ਨਾਲ ਹੀ ਇਹ ਵੀ ਚਰਚਾ ਹੁੰਦੀ ਹੈ ਕਿ ਹਾਂ ਬਈ ਫਲਾਣੀ ਫਲਾਣੀ ਯੂਨੀਅਨ ਦੇ ਆਗੂਆਂ ਦਾ ਤਾਂ ਨੰਬਰ ਲੱਗ ਗਿਆ ਹੁਣ ਆਹ ਆਹ ਯੂਨੀਅਨ ਵਾਲੇ ਆਗੂ ਹੀ ਬਚੇ ਹੋਏ ਹਨ। ਚੱਲੋ ਇੱਕ ਅੱਧੇ ਦਿਨ ਤੱਕ ਇਸਦਾ ਵੀ ਨੰਬਰ ਲੱਗਾ ਪਿਆ।
ਹੁਸ਼ਿਆਰਪੁਰ ਜਿਲੇ ਵਿੱਚ ਵੀ ਜਿੱਥੇ 05 ਨਵੰਬਰ ਨੂੰ ਈਟੀਟੀ ਟੀਚਰਜ਼ ਯੂਨੀਅਨ ਦੇ ਦੋ ਆਗੂਆਂ ਵਿਕਾਸ ਸ਼ਰਮਾ ਤੇ ਕੁਲਵੰਤ ਸਿੰਘ ਜਲੋਟਾ ਦੀ ਬਦਲੀ ਦੀ ਖ਼ਬਰ ਚਰਚਾ ਵਿੱਚ ਰਹੀ ਉਥੇ ਹੀ 06 ਨਵੰਬਰ ਦੁਪਹਿਰ ਤੱਕ ਬੀਐਡ ਅਧਿਆਪਕ ਫਰੰਟ ਪੰਜਾਬ ਦੇ ਜਿਲਾ ਪ੍ਰਧਾਨ ਸੁਰਜੀਤ ਰਾਜਾ ਅਤੇ ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਦੇ ਮੀਤ ਪ੍ਰਧਾਨ ਅਨਿਲ ਐਰੀ ਦੀਆਂ ਬਦਲੀਆਂ ਦੀ ਲੈਟਰ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੀ ਗਈ। ਇਸਦਿਆਂ ਚਲਦਿਆਂ ਅਧਿਆਪਕ ਵਰਗ ਵਿੱਚ ਭਾਵੇਂ ਰੋਸ ਦੀ ਲਹਿਰ ਹੈ ਲੇਕਿਨ ਯੂਨੀਅਨ ਆਗੂਆਂ ਦਾ ਕਹਿਣਾ ਹੈ ਕਿ ਉਹ ਸੰਘਰਸ਼ ਤੋਂ ਪਿੱਛੇ ਹਟਣ ਵਾਲੇ ਨਹੀਂ ਹਨ।
ਜਿਵੇਂ ਜਿਵੇਂ ਸਰਕਾਰ ਵੱਲੋਂ ਸਿੱਖਿਆ ਵਿਭਾਗ ਰਾਹੀਂ ਬਦਲੀਆਂ ਕਰਕੇ ਸੰਘਰਸ਼ ਕਰ ਰਹੇ ਜਾਂ ਸੰਘਰਸ਼ ਵਿੱਚ ਅੱਗੇ ਆ ਰਹੇ ਆਗੂਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਉਵੇਂ ਉਵੇਂ ਹੀ ਸਾਂਝੇ ਅਧਿਆਪਕ ਮੋਰਚੇ ਦੇ ਬੈਨਰ ਹੇਠ ਚੱਲ ਰਹੇ ਯੂਨੀਅਨਾਂ ਦੇ ਆਗੂਆਂ ਵੱਲੋਂ ਵੀ ਆਪਣੀਆਂ ਰਣਨੀਤੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ।
![]()
