ਇਨਕਲਾਬੀ ਬੁਲੇਟਿਨ ਲਈ ਹੁਸ਼ਿਆਰਪੁਰ ਤੋਂ ਹਰਜਿੰਦਰ ਹਰਗੜੀਆ
ਲੰਘੀ 3 ਅਕਤੂਬਰ ਨੂੰ ਪੰਜਾਬ ਕੈਬਨਿਟ ਦੁਆਰਾ ਪਿਛਲੇ ਦਸ ਸਾਲਾਂ ਤੋਂ ਠੇਕੇ ਤੇ ਕੰਮ ਕਰਦੇ 8886 ਐੱਸ. ਐੱਸ. ਏ/ਰਮਸਾ ਅਧਿਆਪਕਾਂ,ਅਦਰਸ਼ ਤੇ ਮਾਡਲ ਸਕੂਲਾਂ ਵਿੱਚ ਕੰਮ ਕਰਦੇ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ਦੀ ਆੜ• ਵਿੱਚ ਮੌਜੂਦਾ ਮਿਲ ਰਹੀਆਂ ਤਨਖਾਹਾਂ ਤੇ 65 ਤੋਂ 75 ਫੀਸਦੀ ਕਟੌਤੀ ਕਰਨ ਦੇ ਕਥਿਤ ਨੀਤੀਗਤ ਕਤਲ ਦੇ ਫੈਸਲੇ ਖਿਲਾਫ਼ ਅਤੇ ਪੂਰੀਆਂ ਤਨਖਾਹਾਂ ਤੇ ਰੈਗੂਲਰ ਕਰਵਾਉਣ ਲਈ 7 ਅਕਤੂਬਰ ਤੋਂ ਪਟਿਆਲਾ ਦੁੱਖ ਨਿਵਾਰਣ ਸਾਹਮਣੇ ‘ਸਾਂਝਾ ਅਧਿਆਪਕ ਮੋਰਚਾ’ ਦੀ ਅਗਵਾਈ ਹੇਠ ਚੱਲ ਰਹੇ ਪੱਕੇ ਮੋਰਚੇ ਦੇ 36 ਦਿਨ ਬੀਤ ਜਾਣ ਬਾਦ ਵੀ ਕੋਈ ਹੱਲ ਨਹੀਂ ਕੀਤਾ ਗਿਆ ਹੈ। ਇਸ ਨੂੰ ਲੈ ਕੇ ਅਧਿਆਪਕ ਵਰਗ ਦੇ ਮਨਾਂ ‘ਚ ਵੱਡਾ ਰੋਸ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਾਂਝਾ ਅਧਿਆਪਕ ਮੋਰਚਾ ਹੁਸ਼ਿਆਰਪੁਰ ਦੀ ਮੀਟਿੰਗ ਦੌਰਾਨ ਯੂਨੀਅਨ ਦੇ ਆਗੂਆਂ ਨੇ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਮੀਟਿੰਗ ਦੌਰਾਨ ਪਟਿਆਲਾ ਵਿਖੇ ਚੱਲ ਰਹੇ ਪੱਕੇ ਧਰਨੇ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਅਗਲੀ ਰਣਨੀਤੀ ਤੈਅ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਨੇ ਮੋਰਚੇ ਦੇ ਆਗੂਆਂ ਨੇ ਦੱਸਿਆ ਕਿ ਅਧਿਆਪਕਾਂ ਦੀਆਂ ਤਨਖ਼ਾਹ ਕਟੌਤੀਆਂ ਦੇ ਫੈਸਲੇ ਤੇ 5178 ਅਧਿਆਪਕਾਂ ਨੂੰ ਰੈਗੂਲਰ ਕਰਨ ਦੀ ਬਜਾਏ ਜਿੱਥੇ ਪੰਜਾਬ ਸਰਕਾਰ ਸੰਘਰਸ਼ ਕਰ ਰਹੇ ਅਧਿਆਪਕ ਆਗੂਆਂ ਦੀਆਂ ਮੁਅੱਤਲੀਆਂ ਤੇ ਬਦਲੀਆਂ ਕਰਕੇ ਸਖ਼ਤੀ ਵਰਤ ਰਹੀ ਹੈ, ਉੱਥੇ ਅਧਿਆਪਕਾਂ ‘ਚ ਇਸ ਪ੍ਰਤੀ ਪੰਜਾਬ ਸਰਕਾਰ ਖਿਲਾਫ਼ ਰੋਹ ਦਿਨ ਪ੍ਰਤੀ ਦਿਨ ਹੋਰ ਪ੍ਰਚੰਡ ਹੋ ਰਿਹਾ ਹੈ। ਆਗੂਆਂ ਨੇ ਕਿਹਾ ਕਿ ਹੁਣ ਇਹ ਮੁੱਦਾ ਸਿਰਫ਼ ਅਧਿਆਪਕਾਂ ਦੀਆਂ ਤਨਖਾਹਾਂ ਦਾ ਹੀ ਨਹੀਂ ਰਿਹਾ ਸਗੋਂ ਸਰਕਾਰੀ ਸਿੱਖਿਆ ਤੇ ਸਰਕਾਰੀ ਸਕੂਲਾਂ ਨੂੰ ਬਚਾਉਣ ਦਾ ਬਣ ਚੁੱਕਾ ਹੈ।
ਆਗੂਆਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਅਧਿਆਪਕਾਂ ਦੀਆਂ ਮੰਗਾਂ ਦਾ ਛੇਤੀ ਕੋਈ ਹੱਲ ਨਾ ਕੱਢਿਆ ਤਾਂ ਸੰਘਰਸ਼ ਹੋਰ ਵੀ ਤਿੱਖਾ ਹੁੰਦਾ ਜਾਵੇਗਾ ।ਅੰਤ ਵਿੱਚ ਆਗੂਆਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਖੁਦ ਅਧਿਆਪਕਾਂ ਦੀਆਂ ਮੰਗਾਂ ਵੱਲ ਧਿਆਨ ਦੇ ਕੇ ਤੁਰੰਤ ਉਹਨਾਂ ਨੂੰ ਪੂਰੀਆਂ ਕਰਨ।
ਇਸ ਮੀਟਿੰਗ ਦੀ ਪ੍ਰਧਾਨਗੀ ਸੁਖਦੇਵ ਡਾਨਸੀਵਾਲ ਡੀਟੀਐਫ਼ ਪੰਜਾਬ ਨੇ ਕੀਤੀ । ਇਸ ਤੋਂ ਇਲਾਵਾ ਰਾਮ ਭਜਨ ਚੌਧਰੀ ਵਾਈਸ ਪ੍ਰਧਾਨ ਐੱਸ ਐੱਸ ਏ ਰਮਸਾ ਅਧਿਆਪਕ ਯੂਨੀਅਨ ਪੰਜਾਬ, ਗੁਰਜਿੰਦਰ ਸਿੰਘ ਮੰਜਪੁਰ, ਰਮੇਸ਼ ਹੁਸ਼ਿਆਰਪੁਰੀ ਅਤੇ ਅਜੀਬ ਦਿਵੇਦੀ ਈਟੀਟੀ ਟੀਚਰ ਯੂਨੀਅਨ ਪੰਜਾਬ ਸੁਨੀਲ ਕੁਮਾਰ ਅਤੇ ਵਿਕਾਸ ਸ਼ਰਮਾ ਜੀਟੀਯੂ ਪੰਜਾਬ ਜਸਵੀਰ ਸਿੰਘ ਤਲਵਾੜਾ ਪੁਰਾਣੀ ਪੈਨਸ਼ਨ ਬਹਾਲੀ ਕਮੇਟੀ ਜਸਵੀਰ ਸਿੰਘ, ਜਤਿੰਦਰ ਸਿੰਘ ਜੀ ਟੀ ਯੂ ਵਿਗਿਆਨਿਕ, ਸੁਰਜੀਤ ਰਾਜਾ ਬੀ ਐੱਡ ਅਧਿਆਪਕ ਫਰੰਟ ਪੰਜਾਬ, ਸੰਜੀਵ ਕਲਸੀ 5178 ਅਧਿਆਪਕ ਯੂਨੀਅਨ ਪੰਜਾਬ, ਮਨਜੀਤ ਸਿੰਘ ਸੈਣੀ, ਮੱਖਣ ਮੋਇਲਾ ਵਾਹਿਦਪੁਰ, ਰਾਮਜੀ ਦਾਸ ਚੌਹਾਨ ਪਸਸਫ, ਇੰਦਰਸੁਖਦੀਪ ਸਿੰਘ ਓਡਰਾ, ਅਜੀਤ ਸਿੰਘ ਰੂਪਤਾਰਾ, ਸ਼ਸ਼ੀਕਾਂਤ, ਕੁਲਵੰਤ ਸਿੰਘ ਦਸੂਹਾ ਆਦਿ ਸਾਂਝਾ ਅਧਿਆਪਕ ਮੋਰਚਾ ਹੁਸ਼ਿਆਰਪੁਰ ਦੇ ਆਗੂ ਵੀ ਹਾਜ਼ਰ ਸਨ।
![]()
