ਪਿੰਡ ਝਾਵਾਂ (ਹੁਸ਼ਿਆਰਪੁਰ) ਦੇ ਲੋਕਾਂ ਵੱਲੋਂ ਸਫ਼ਾਈ ਲਈ ਪਹਿਲ ਹੈ ਬਾਕੀ ਪਿੰਡਾਂ ਲਈ ਪ੍ਰੇਰਨਾ
ਪਿੰਡ ਝਾਵਾਂ (ਹੁਸ਼ਿਆਰਪੁਰ) ਤੋਂ ਇਨਕਲਾਬੀ ਬੁਲੇਟਿਨ ਲਈ ਹਰਜਿੰਦਰ ਹਰਗੜੀਆ 8198868001
ਇਸ ਪਿੰਡ ਦੇ ਲੋਕ ਵੀ ਪੰਜਾਬ ਦੇ ਬਾਕੀ ਪਿੰਡਾਂ ਦੇ ਲੋਕਾਂ ਵਰਗੇ ਹੀ ਹਨ ਲੇਕਿਨ ਇਹਨਾਂ ਦੀ ਪਿਛਲੇ 7 ਸਾਲਾਂ ਤੋਂ ਪਿੰਡ ਦੀ ਸਫ਼ਾਈ ਲਈ ਕੀਤੀ ਜਾ ਰਹੀ ਪਹਿਲ ਬਾਕੀ ਪਿੰਡਾਂ ਲਈ ਪ੍ਰੇਰਨਾ ਸਰੋਤ ਜਰੂਰ ਕਹੀ ਜਾ ਸਕਦੀ ਹੈ। ਹਜ਼ਾਰਾਂ ਦੀ ਅਬਾਦੀ ਵਾਲੇ ਇਸ ਪਿੰਡ ਦੇ ਲੋਕਾਂ ਦੀ ਸਫ਼ਾਈ ਮੁਹਿੰਮ ਨਾਲ ਜੁੜੀ ਕਹਾਣੀ ਮੀਡੀਆ/ਸ਼ੋਸ਼ਲ ਮੀਡੀਆ ਤੇ ਸਭ ਤੋਂ ਪਹਿਲਾਂ ਆਪ ਸਭ ਨਾਲ ਸਾਂਝੀ ਕਰਦਿਆਂ ਖੁਸ਼ੀ ਮਹਿਸੂਸ ਕਰ ਰਹੇ ਹਾਂ।
ਰਣਜੀਤ ਸਿੰਘ ਦੀ ਅਮਰੀਕਾ ਫੇਰੀ ਨੇ ਬਦਲੀ ਸੋਚ
ਦੇਖਣ ਤੇ ਗੱਲ ਕਰਨ ਨੂੰ ਬਹੁਤ ਹੀ ਨਿਮਰ ਸੁਭਾਅ ਦਾ ਗੁਰਸਿੱਖ ਇਨਸਾਨ ਰਣਜੀਤ ਸਿੰਘ ਸਾਲ 2013 ਵਿੱਚ ਕੁਝ ਮਹੀਨਿਆਂ ਲਈ ਅਮਰੀਕਾ ਜਾਂਦਾ ਹੈ ਉਥੇ ਦੇਖੀ ਸਫ਼ਾਈ ਤੋਂ ਪ੍ਰਭਾਵਿਤ ਹੋ ਕੇ ਆਪਣੇ ਹਜ਼ਾਰਾਂ ਦੀ ਅਬਾਦੀ ਵਾਲੇ ਪਿੰਡ ਵਿੱਚ ਵੀ ਸਫ਼ਾਈ ਦਾ ਸੁਪਨਾ ਲੈਂਦਾ ਹੈ। ਪਿੰਡ ਵਾਪਸੀ ਤੇ ਕੁਝ ਲੋਕਾਂ ਨਾਲ ਵਿਚਾਰ ਵਟਾਂਦਰਾ ਕਰਦਾ ਹੈ ਤੇ ਫ਼ਿਰ ਸ਼ੁਰੂ ਹੋ ਜਾਂਦੀ ਹੈ ਸਫ਼ਾਈ ਲਈ ਇੱਕ ਪ੍ਰੇਰਨਾ ਸਰੋਤ ਕਹਾਣੀ ਜੋ ਹੁਸ਼ਿਆਰਪੁਰ ਤੋਂ ਟਾਂਡਾ ਸੜਕ ਤੇ ਪੈਂਦੇ ਪਿੰਡ ਕਲੋਏ ਤੋਂ ਨਜ਼ਦੀਕੀ ਪਿੰਡ ਝਾਵਾਂ ਦੀ ਹੈ।
ਹਫ਼ਤੇ ਬਾਅਦ ਟ੍ਰੈਕਟਰ ਟਰਾਲੀ ਤੇ ਸਪੀਕਰ ਲਗਾ ਕੇ ਇੱਕਠਾ ਕਰਦੇ ਨੇ ਘਰਾਂ ਦਾ ਕੂੜਾ
ਇੱਕ ਬਹੁਤ ਹੀ ਸ਼ਲਾਘਾਯੋਗ ਪਹਿਲ ਦੇ ਤਹਿਤ ਰਣਜੀਤ ਸਿੰਘ ਅਤੇ ਉਹਨਾਂ ਦੀ ਟੀਮ ਹਫ਼ਤੇ ਦੇ ਇੱਕ ਦਿਨ ਅਕਸਰ ਹੀ ਸ਼ਨਿੱਚਰਵਾਰ ਨੂੰ ਟ੍ਰੈਕਟਰ ਟਰਾਲੀ ਲੈ ਕੇ ਉਸਦੇ ਅੱਗੇ ਸਪੀਕਰ ਲਗਾਉਂਦੇ ਹਨ ਜਿਸ ਵਿੱਚ ਇੱਕ ਰਿਕਾਰਡ ਸਫ਼ਾਈ ਤੇ ਕੂੜਾ ਪਾਉਣ ਲਈ ਕੀਤੀ ਹੋਈ ਹੈ ਲਗਾ ਕੇ ਗਲ਼ੀ ਗਲ਼ੀ ਜਾ ਕੇ ਕੂੜਾ ਇੱਕਠਾ ਕਰਨ ਜਾਂਦੇ ਹਨ। ਇਸ ਟੀਮ ਵਿੱਚ 30 ਦੇ ਕਰੀਬ ਲੋਕ ਹਨ ਜਿਹਨਾਂ ਵਿੱਚ ਜ਼ਿਆਦਾਤਰ 15 ਸਾਲ ਤੱਕ ਦੇ ਬੱਚੇ, ਕੁਝ ਨੌਜਵਾਨ ਤੇ ਹੋਰ ਪਿੰਡ ਵਾਸੀ ਵੀ ਹਨ।
ਨਾ ਗਲ਼ਣ ਵਾਲਾ ਕੂੜਾ ਤੇ ਰਸੋਈ ਦਾ ਕੂੜਾ ਇੱਕਠਾ ਕਰਨ ਲਈ 2-2 ਡਸਟਬਿੰਨ
ਦੱਸਣਾ ਬਣਦਾ ਹੈ ਕਿ ਪਿੰਡ ਦੀਆਂ ਵੱਖ ਵੱਖ ਥਾਵਾਂ ਤੇ ਨਾ ਗਲ਼ਣ ਵਾਲਾ ਕੂੜਾ ਤੇ ਰਸੋਈ ਦਾ ਕੂੜਾ ਇੱਕਠਾ ਕਰਨ ਲਈ 2-2 ਡਸਟਬਿੰਨ ਇੱਕ ਇੱਕ ਥਾਂ ਤੇ ਰੱਖੇ ਗਏ ਹਨ। ਇਸ ਦੌਰਾਨ ਭਾਵੇਂ ਲੋਕ ਪੂਰੇ ਤਾਂ ਸੁਚੇਤ ਨਹੀਂ ਹਨ ਲੇਕਿਨ ਫ਼ਿਰ ਵੀ ਸਫ਼ਾਈ ਲਈ ਚਿੰਤਤ ਟੀਮ ਕੂੜੇਦਾਨਾਂ ਨੂੰ ਟਰਾਲੀ ਵਿੱਚ ਸੁੱਟਣ ਤੋਂ ਬਾਅਦ ਵੀ ਅਜਿਹੇ ਕੂੜਿਆਂ ਨੂੰ ਨਿਖੇੜ ਦਿੰਦੇ ਹਨ।
ਪਿੰਡ ਵਿੱਚ 80 ਡਸਟਬਿੰਨ
ਇਸ ਪਿੰਡ ਦੀ ਆਬਾਦੀ ਹਜ਼ਾਰਾਂ ਵਿੱਚ ਹੈ ਤਾਂ ਹੁਣ ਤੱਕ ਸਫ਼ਾਈ ਲਈ ਯਤਨਸ਼ੀਲ ਪਿੰਡ ਵਾਸੀਆਂ ਦੇ ਸਮੂਹ ਨੇ ਵੀ ਵੱਡੇ ਵੱਡੇ 80 ਦੇ ਕਰੀਬ ਡਸਟਬਿੰਨ ਪਿੰਡ ਦੀਆਂ ਵੱਖ ਵੱਖ ਗਲ਼ੀਆਂ ਵਿੱਚ ਰਖਵਾਏ ਹੋਏ ਹਨ। ਬਹੁਤ ਸਾਰੇ ਡਸਟਬਿੰਨ ਮੁੱਖ ਸੜਕ ਦੇ ਦੋਵੇਂ ਪਾਸੇ ਹਨ। ਜਿਹਨਾਂ ਵਿੱਚ ਕੂੜਾ ਪਾਉਣ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਜਾਂਦਾ ਹੈ। ਸਫ਼ਾਈ ਲਈ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਉਹ ਹਾਲੇ ਹੋਰ ਵੀ ਡਸਟਬਿੰਨ ਪਿੰਡ ਵਿੱਚ ਰੱਖਣਾ ਚਾਹੁੰਦੇ ਹਨ ਤਾਂ ਕਿ ਹਰੇਕ ਪਿੰਡ ਵਾਸੀ ਨੂੰ ਕੂੜਾ ਸੁੱਟਣ ਵਿੱਚ ਆਸਾਨੀ ਹੋਵੇ।
ਸਮਾਜ ਸੇਵੀ ਪ੍ਰਵਾਸੀ ਭਾਰਤੀਆਂ ਨੇ ਭੇਟ ਕੀਤੀ ਟ੍ਰੈਕਟਰ ਟਰਾਲੀ
ਸਫ਼ਾਈ ਮੁਹਿੰਮ ਦੀ ਸ਼ੁਰੂਆਤ ਕਰਨ ਵਾਲੇ ਰਣਜੀਤ ਸਿੰਘ ਦਾ ਕਹਿਣਾ ਹੈ ਕਿ ਪਹਿਲਾਂ ਉਹ ਪਿੰਡ ਵਿੱਚੋਂ ਕੂੜਾ ਇਕੱਠਾ ਕਰਨ ਲਈ ਇੱਕ ਨਜ਼ਦੀਕ ਪਿੰਡ ਦੇ ਸੱਜਣ ਤੋਂ ਟ੍ਰਰਾਲੀ ਦੀ ਸੇਵਾ ਪ੍ਰਾਪਤ ਕਰਦੇ ਸਨ ਲੇਕਿਨ ਜਦੋਂ ਉਹਨਾਂ ਦੇ ਪਿੰਡ ਨਾਲ ਸਬੰਧਿਤ ਪ੍ਰਵਾਸ ਭਾਰਤੀ ਸਮਾਜ ਸੇਵੀ ਪਰਿਵਾਰ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਟ੍ਰੈਕਟਰ ਟਰਾਲੀ ਹੀ ਲੈ ਕੇ ਦੇ ਦਿੱਤੇ। ਇਸ ਤਰਾਂ ਹੁਣ ਇਹ ਸਫ਼ਾਈ ਮੁਹਿੰਮ ਹੋਰ ਵੀ ਕਾਮਯਾਬ ਹੋ ਰਹੀ ਹੈ।
ਬੱਚਿਆਂ ਤੇ ਨੌਜਵਾਨਾਂ ਦਾ ਹੈ ਸਫ਼ਾਈ ਵਿੱਚ ਸਹਿਯੋਗ
ਇੱਥੇ ਇਹ ਵੀ ਦੱਸਣਯੋਗ ਹੈ ਕਿ 8-10 ਸਾਲ ਤੋਂ 20-22 ਸਾਲ ਦੇ ਨੌਜਵਾਨ ਵੀ ਸਫ਼ਾਈ ਮੁਹਿੰਮ ਦੇ ਵਿੱਚ ਰਣਜੀਤ ਸਿੰਘ ਦੇ ਨਾਲ ਸਾਥ ਦੇ ਰਹੇ ਹਨ। ਬਹੁਤ ਉਤਸ਼ਾਹ ਨਾਲ ਟ੍ਰੈਕਟਰ ਟਰਾਲੀ ਦੇ ਨਾਲ ਜਾਂਦੇ ਹਨ ਅਤੇ ਕੂੜਾ ਕਰਕਟ ਇੱਕਠਾ ਕਰਦੇ ਹਨ। ਗੱਲਬਾਤ ਕਰਦਿਆਂ ਬੱਚਿਆਂ ਤੇ ਨੌਜਵਾਨਾਂ ਨੇ ਦੱਸਿਆ ਕਿ ਉਹ ਆਪਣੇ ਪਿੰਡ ਨੂੰ ਪੂਰੀ ਤਰਾਂ ਨਾਲ ਸਾਫ਼ ਸੁਥਰਾ ਦੇਖਣਾ ਚਾਹੁੰਦੇ ਹਨ ਤੇ ਪਿੰਡ ਨੂੰ ਸਭ ਤੋਂ ਸੋਹਣਾ ਪਿੰਡ ਬਣਾਉਣ ਲਈ ਯਤਨਸ਼ੀਲ ਹਨ।
7 ਸਾਲਾਂ ਬਾਅਦ ਵੀ ਪੂਰੀ ਤਰਾਂ ਨਾਲ ਜਾਗਰੂਕ ਨਹੀਂ ਪਿੰਡ ਵਾਸੀ
ਦੇਖਣ ਵਾਲੀ ਗੱਲ ਹੈ ਕਿ ਛੋਟੇ ਛੋਟੇ ਬੱਚਿਆਂ ਤੇ ਦਰਜ਼ਨਾਂ ਹੋਰ ਲੋਕਾਂ ਦੇ ਪਿਛਲੇ 7 ਸਾਲਾਂ ਦੇ ਕਰੀਬ ਸਮੇਂ ਤੋਂ ਜੀਅਤੋੜ ਯਤਨਾਂ ਦੇ ਬਾਵਜੂਦ ਵੀ ਪਿੰਡ ਦੇ ਪੂਰੇ ਨਿਵਾਸੀ ਹਾਲੇ ਤੱਕ ਸਫ਼ਾਈ ਦੀ ਅਹਿਮੀਅਤ ਤੋਂ ਪੂਰੀ ਤਰਾਂ ਜਾਗਰੂਕ ਨਹੀਂ ਹਨ। ਜਿਹਨਾਂ ਨੂੰ ਜਾਗਰੂਕ ਕਰਨ ਲਈ ਸਫ਼ਾਈ ਮੁਹਿੰਮ ਨਾਲ ਜੁੜੇ ਲੋਕ ਆਸਵੰਦ ਹਨ ਕਿ ਹੁਣ ਜਲ਼ਦੀ ਹੀ ਸਾਰੇ ਪਿੰਡ ਦੇ ਲੋਕ ਸਫ਼ਾਈ ਮੁਹਿੰਮ ਵਿੱਚ ਇੱਕ ਬਰਾਬਰ ਯੋਗਦਾਨ ਕਰਨਗੇ।

ਜਲ਼ਦੀ ਹੀ ਬਣਾਂਵਗੇ ਪਿੰਡ ਨੂੰ ਸਫ਼ਾਈ ਵਜੋਂ ਮਾਡਲ ਪਿੰਡ
ਗੱਲਬਾਤ ਕਰਦਿਆਂ ਦਰਜ਼ਨਾਂ ਪਿੰਡ ਵਾਸੀਆਂ ਨੇ ਦੱਸਿਆ ਕਿ ਉਹਨਾਂ ਦਾ ਸੁਪਨਾ ਆਪਣੇ ਪਿੰਡ ਝਾਵਾਂ ਨੂੰ ਸਫ਼ਾਈ ਵਜੋਂ ਜਿਲੇ ਦਾ ਮਾਡਲ ਪਿੰਡ ਬਣਾਉਣ ਦਾ ਹੈ। ਇਸ ਲਈ ਉਹ ਸਾਰੇ ਪਿੰਡ ਵਾਸੀਆਂ ਨੂੰ ਨਾਲ ਜੋੜਨ ਲਈ ਯਤਨਸ਼ੀਲ ਹਨ। ਪਿਛਲੇ ਕੁਝ ਸਮੇਂ ਤੋਂ ਮਿਲ ਰਹੇ ਹਾਂ ਪੱਖੀ ਹੁੰਗਾਰੇ ਨੂੰ ਦੇਖ ਕੇ ਲੱਗਦਾ ਹੈ ਕਿ ਅਸੀਂ ਜਲ਼ਦੀ ਹੀ ਆਪਣੇ ਪਿੰਡ ਨੂੰ ਸਫ਼ਾਈ ਪੱਖੋਂ ਮਿਸਾਲ ਪਿੰਡ ਬਣਾਉਣ ਵਿੱਚ ਕਾਮਯਾਬ ਹੋਵਾਂਗੇ।
ਪਿੰਡ ਝਾਵਾਂ ਜਿਲਾ ਹੁਸ਼ਿਆਰਪੁਰ ਵਿਖੇ ਪਿੰਡ ਵਾਸੀਆਂ ਵੱਲੋਂ ਚਲਾਈ ਜਾ ਰਹੀ ਸਫ਼ਾਈ ਮੁਹਿੰਮ ਨਾਲ ਸਬੰਧਿਤ ਤਸਵੀਰਾਂ।
![]()
